Reality of Bhagauti – misconception on bani of Dasam

ਸਿੱਖਾਂ ਦੀ “ਅਰਦਾਸ”:

DSC_6561

ਅਰਦਾਸ 

ੴ ਵਾਹਿਗੁਰੂ ਜੀ ਕੀ ਫ਼ਤਹਿ ॥

ਸ੍ਰੀ ਭਗੌਤੀ ਜੀ ਸਹਾਇ ॥

ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10 ॥

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥ ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ! ਸਭ ਥਾਈਂ ਹੋਇ ਸਹਾਇ ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ !

 

ਇਹ ਮੁਖਵਾਕ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਦਰਜ਼ ਹਨ। ਇਨ੍ਹਾਂ ਦਾ ਗੁਰਮਤ ਅਨੁਸਾਰ ਅਰਥ ਇਹ ਬਣਿਆ ਕਿ ਦਸਮ ਪਾਤਸ਼ਾਹ ਪ੍ਰਿਥਮ (ਸਭਿ ਤੋਂ ਪਹਿਲਾਂ) ਸ੍ਰੀ ਭਗੌਤੀ, ਗੁਰਮਤ (ਮਤੀ ਦੇਵੀ) ਨੂੰ ਸਮਰਪਿਤ ਹਨ। ਕਿਉਂਕਿ ਇਹ ਭਗੌਤੀ (ਮਤੀ ਦੇਵੀ) ਨੂੰ ਹੀ ਧਿਆਨ ਵਿਚ ਰੱਖ ਕੇ (ਲਈ ਧਿਆਇ) ਗੁਰ ਨਾਨਕ ਸਾਹਿਬ ਨੇ, ਇਸ ਪੰਥ ਦੀ ਸਾਜਨਾ ਕੀਤੀ ਸੀ।

 

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ: ਇਹ ਗੁਰਮਤ (ਮਤੀ ਦੇਵੀ) ਹੀ ਗੁਰ ਅੰਗਦ ਅਤੇ ਗੁਰ ਰਾਮਦਾਸ ਜੀ ਅਤੇ ਹੋਰ ਗੁਰਾਂ ਨੂੰ ਸਹਾਈ ਹੋਈ ਹੈ। ਜੋ ਕਿ ਆਦਿ ਗਰੰਥ ਦੇ ਪੰਨਾ ੯੬੬ ਤੇ ਦਰਜ਼ ਮਹਾਂਵਾਕ ਦੇ ਅਨੁਕੂਲ ਹੈ। “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥” ਅਰਥਾਤ ਗੁਰਮਤ ਦਾ ਅਧਾਰ ਅਤੇ ਜੁਗਤੀ ਨਹੀਂ ਬਦਲੀ ਚਾਹੇ ਸ਼ਰੀਰ ਰੂਪੀ ਚੋਲੇ ਜ਼ਰੂਰ ਬਦਲਦੇ ਗਏ।

ਨਮਸਕਾਰ ਸ੍ਰੀ ਖਡ਼ਗ ਕੋ ਕਰੋਂ ਸੁ ਹਿੱਤ ਚਿੱਤ ਲਾਇ ॥ ਇਸ ਹੀ ਪ੍ਰਕਾਰ ਬਚਿਤ੍ਰ ਨਾਟਕ ਦੀ ਸ਼ੁਰੂਆਤ ਵਿਚ ਵੀ ਇਹ ਮੁਖਵਾਕ ਦਰਜ਼ ਹਨ ਜੋ ਕਿ ਭਗੌਤੀ, ਗੁਰਮਤ (ਮਤੀ ਦੇਵੀ) ਨੂੰ ਸਮਰਪਿਤ ਹਨ। ਅਗੇ ਚੱਲ ਕੇ ਇਹ ਗੱਲ ਹੋਰ ਵੀ ਸ਼ਪਸ਼ਟ ਹੋ ਜਾਂਦੀ ਹੈ ਜਦੋਂ ਇਹ ਮੁਖਵਾਕ ਦਰਜ਼ ਕੀਤੇ ਹਨ

 

ਖਗ ਖੰਡ ਬਿਹੰਡੰ ਖਲਦਲ ਖੰਡੰ ਅਤਿ ਰਣ ਮੰਡੰ ਬਰਬੰਡੰ ॥

ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨੁ ਪ੍ਰਭੰ ॥

ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥

ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥

ਬਚਿਤ੍ਰ ਨਾਟਕ ਅ. ੧ – ੨ – ਸ੍ਰੀ ਦਸਮ ਗ੍ਰੰਥ ਸਾਹਿਬ

 

ਇਹ ਭਗੌਤੀ, ਗੁਰਮਤ (ਮਤੀ ਦੇਵੀ) ਹੀ ਤੇਗੰ (ਗਿਆਨ ਖੜਗ) ਹੈ ਅਤੇ ਦੁਰਮਤ ਦਾ ਨਾਸ਼ (ਕਿਲਬਿਖ ਹਰਣੰ) ਕਰ ਕੇ ਸੰਤ ਜਨਾਂ ਨੂੰ ਸੁਖ ਪ੍ਰਦਾਨ ਕਰਦੀ ਹੈ, ਇਹ ਚੇਤਨ ਸੱਤਾ ਹੈ ਕੋਈ ਲੋਹੇ ਦੀ ਬਣਾਈ ਜੜ੍ਹ ਵਸਤੂ (ਤਲਵਾਰ) ਨਹੀਂ ਹੈ। ਸਭ ਟੀਕਾਕਾਰਾਂ ਨੇ ਇਸ ਤੇਗੰ (ਗਿਆਨ ਖੜਗ) ਨੂੰ ਜੜ੍ਹ ਵਸਤੂ ਮੰਨ ਲਿਆ ਹੈ ਤੇ ਅਰਥਾਂ ਦੇ ਅਨਰਥ ਕਰ ਕੇ ਰੱਖ ਦਿੱਤੇ ਹਨ।

 

ਭਗਉਤੀ ਸੰਬਧੀ ਮਹਾਂ ਅਗਿਆਨ ਭਰਿਆ ਭੁਲੇਖਾ (ਭਾਈ ਸਾਹਿਬ ਰਣਧੀਰ ਸਿੰਘ ਜੀ (੧੮੭੮-੧੯੬੧) ਲਹਭਗ ੫੦ ਸਾਲ ਪਹਿਲਾਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੁਆਰਾ ਰਚਿਤ ਪੁਸਤਕ “ਗੁਰਮਤਿ ਪ੍ਰਕਾਸ਼” ਅਤੇ ੧੯੭੮ ਵਿਚ ਛਪੀ “ਗੁਰਮਤਿ ਲੇਖ” ਨਾਮਕ ਪੁਸਤਕ ਵਿਚ ਇਹ ਲੇਖ ਦਰਜ਼ ਹੈ। ਇਨ੍ਹਾਂ ਦਾ ਇਹ ਮੰਨਣਾ ਹੈ “ਕਿ ਭਗਉਤੀ ਦੇ ਅਰਥ ਦੇਵੀ (ਮੂਰਤੀ) ਦੇ ਕਰਨੇ ਨਿਰੇ ਮਨਮਤੀ ਅਗਿਆਨੀ ਪੁਰਸ਼ਾਂ ਦਾ ਕੰਮ ਹੈ। “ਲਈ ਭਗਉਤੀ ਦੁਰਗਸ਼ਾਹ” ਕ੍ਰਿਸ਼ਨਾ ਅਵਤਾਰ, ਦੇ ਅਰਥ ਹਰਗਿਜ਼ ਇਹ ਨਹੀਂ ਹੋ ਸਕਦੇ ਕਿ ਦੁਰਗਾ ਰੂਪੀ ਦੇਵੀ ਨੇ ਹੱਥ ਵਿਚ ਦੇਵੀ ਫੜੀ ਹੋਵੇ, ਤਾਂਤੇ ਇਹ ਸਿੱਧ ਹੋਇਆ ਕਿ ਸੀ੍ਰ ਦਸ਼ਮੇਸ਼ ਜੀ ਨੇ ਕਿਤੇ ਵੀ ਭਗਉਤੀ ਦੇ ਅਰਥ ਦੇਵੀ ਦੇ ਨਹੀਂ ਕੀਤੇ। ਭਗੌਤੀ ਪਦ ਤੋਂ ਭਾਵ ਸਾਫ ਨਾਮ ਰੂਪੀ ਖੰਡੇ ਦਾ ਹੈ।”

ਇਸ ਲੇਖ ਤੋਂ ਇਹ ਤਾਂ ਸਿੱਧ ਹੁੰਦਾ ਹੈ ਕਿ ਭਾਈ ਸ਼ਾਹਿਬ ਜੀ ਦਾ ਇਹ ਦ੍ਰੜ ਵਿਸ਼ਵਾਸ ਸੀ ਕਿ ਦਸਮ ਪਾਤਸ਼ਾਹ ਕਿਸੇ ਦੇਵੀ ਦੇ ਪੁਜਾਰੀ ਨਹੀਂ ਹੋ ਸਕਦੇ। ਚਾਹੇ ਭਗਉਤੀ ਸ਼ਬਦ ਦੇ ਅਰਥ ਉਨ੍ਹਾਂ ਤੋਂ ਪੂਰਣ ਤੌਰ ਤੇ ਨਹੀਂ ਹੋ ਸਕੇ।

 

ਜਾਪ ਸਾਹਿਬ ਅਤੇ ਵਾਹਿਗੁਰੂ ਸਿਮਰਨ:- ਦਸਮ ਪਾਤਸ਼ਾਹ ਜੀ ਦੀ ਇਕ ਆਲੌਕਿਕ ਰਚਨਾਂ “ਜਾਪ ਸਹਿਬ” ਵੀ ਦਸਮ ਗ੍ਰੰਥ ਅੰਦਰ ਦਰਜ਼ ਹੈ,ਜਿਹੜੀ ਪਾਹੁਲ ਤਿਆਰ ਕਰਣ ਲਗੇ ਪੜੀ ਜਾਂਦੀ ਹੈ। ਉਥੇ ਇਹ ਨਿਤਨੇਮ ਦੀਆਂ ਬਾਣੀਆਂ ਵਿਚ ਵੀ ਸ਼ਾਮਿਲ ਹੈ। ਇਸ ਬਾਣੀ ਵਿਚ ਅਨੇਕਾਂ ਛੰਦਾਂ ਵਿਚ ਇਹ ਇਸ਼ਾਰੇ ਹਨ ਕਿ ਪਰਮੇਸ਼ਰ ਦਾ ਕੋਈ ਨਾਮ ਨਹੀਂ।

 

ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥ ੪ ॥

ਨਮਸਤੰ ਨ੍ਰਿਨਾਮੇ ॥ ਨਮਸਤੰ ਨ੍ਰਿਕਾਮੇ ॥ ਨਮਸਤੰ ਨ੍ਰਿਧਾਤੇ ॥ ਨਮਸਤੰ ਨ੍ਰਿਘਾਤੇ ॥ ੧੧ ॥

ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥ ੯੫ ॥

 

ਇਸ ਹੀ ਪ੍ਰਕਾਰ ਆਦਿ ਬਾਣੀ ਵਿਚ ਵੀ ਇਸ ਗੱਲ ਵੱਲ ਇਸ਼ਾਰਾ ਹੈ :-

ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਪੰਨਾ ੧੦੮੨

ਭਾਵ ਅਰਥ : ਗੁਰਮੁਖ ਕੇਵਲ ਸਤਿਨਾਮ (ਜੋਤ ਸਰੂਪੀ ਸੱਤ) ਨੂੰ ਹੀ ਤੇਰਾ ਪੁਰਬਲਾ (ਆਦਿ) ਨਾਮ ਮੰਨਦੇ ਹਨ।

 

ਅਸੀ ਕਿਸੇ ਅਗਿਆਨਤਾ ਵਸ ਹੀ ਇਸ ਵਾਹਿਗੁਰੂ ਸ਼ਬਦ ਨੂੰ ਨਾਮ ਜਾਣ ਕੇ ਇਸ ਦਾ ਰਟਨ ਨਾਂ ਕਰੀ ਜਾਂਦੇ ਹੋਈਏ । ਵਾਹਿਗੁਰੂ ਸਬਦ ਨੂੰ ਗੁਰਬਾਣੀ ਵਿੱਚ ਨਾਲ ਨਹੀ ਕਿਹਾ ਗਿਆ ਸਗੋ ਰਾਮ (ਸਰਬ ਵਿਆਪਕ) ਦੇ ਨਾਮ ਬਰਾਬਰ ਕੋਈ ਵੀ ਨਹੀ, ਇਹ ਕਿਹਾ ਗਿਆ ਹੈ ।

 

ਇਸ ਤੋਂ ਇਹ ਗੱਲ ਤਾ ਸਿੱਧ ਹੋ ਜਾਂਦੀ ਹੈ ਕਿ ਪਿਛਲੇ ਪੰਜਾਹ ਕੁ ਸਾਲਾਂ ਵਿਚ ਗੁਰਮਤ ਦੀ ਖੋਜ਼ ਪ੍ਰਤੀ ਕੋਈ ਬਹੁਤਾ ਸ਼ਲਾਘਾ ਯੋਗ ਕੰਮ ਨਹੀਂ ਹੋਇਆ। ਸਾਡੇ ਸ਼ੰਕੇ ਜਿਉਂ ਦੇ ਤਿਉਂ ਹੀ ਚੱਲੇ ਆ ਰਹੇ ਹਨ।

 

ਸ਼ਤਾਬਦੀਆਂ, ਕੀਰਤਨ ਦਰਬਾਰ, ਅਖੰਡ ਕੀਰਤਨੀ ਸਮਾਗਮ, ਅਮ੍ਰਿੰਤ ਸੰਚਾਰ, ਅਖੰਡ ਪਾਠਾਂ ਦੀਆਂ ਲੜੀਆਂ, ਧਾਰਮਿਕ ਚਰਚਾ, ਵਿਚਾਰ ਗੋਸ਼ਟੀਆਂ, ਹਰਮੰਦਰ ਸਾਹਿਬ ਤੋ ਸੋਨੇ ਦੀ ਸਫਾਈ, ਅਣਗਿਣਤ ਗੁਰਦੁਆਰਿਆਂ ਦੀ ਉਸਾਰੀ, ਲੰਗਰ ਆਦਿ ਧਾਰਮਿਕ ਕ੍ਰਿਆਵਾਂ ਤਾਂ ਦੇਖਣ ਸੁਨਣ ਨੂੰ ਜ਼ਰੂਰ ਹੋਈਆਂ ਹਨ ਪਰ ਗੁਰਬਾਣੀ ਦੇ ਅਰਥ ਬੋਧ ਜਾਂ ਫਲਸਫੇ ਨੂੰ ਸਮਝਣ ਤੋਂ ਅਜੇ ਤਾਂਈ ਅਸੀ ਕੋਰੇ ਹੀ ਹਾਂ। ਪੜ੍ਹ ਲਿੱਖ ਕੇ ਸਿੱਖ ਪਰਿਵਾਰਾਂ ਵਿਚੋਂ ਬਹੁਤ ਉੱਚੇ ਅਹੁਦੇ ਤੇ ਤਾਂ ਜ਼ਰੂਰ ਚਲੇ ਗਏ ਹਨ ਪਰ ਇਕ ਵੀ ਗੁਰਮੁਖ ਅਸੀਂ ਨਹੀਂ ਵੇਖਿਆ ਜੋ ਇਨ੍ਹਾਂ ਸਵਾਲਾਂ ਦਾ ਢੁਕਵਾਂ ਜੁਆਬ ਦੇ ਸਕੇ ?

 

ਭਗੌਤੀ ਪਦ ਪਰ ਗੁਰਮਤਿ ਸੁਧਾਰਕ ਵਿਚ ਚਰਚਾ ਕੀਤੀ ਗਈ ਹੈ, ਆਪ ਉਸ ਨੂੰ ਦੇਖ ਕੇ ਸੰਸਾ ਮਿਟਾ ਸਕਦੇ ਹੋ, ਪਰ ਅਸੀਂ ਆਪ ਨੂੰ ਦੋ ਚਾਰ ਪ੍ਰਸ਼ਨ ਕਰਦੇ ਹਾਂ ਜਿਨ੍ਹਾਂ ਤੋਂ ਆਪ ਦੀ ਤਸੱਲੀ ਹੋ ਜਾਏਗੀ।

 

(ੳ) ਚੰਡੀ ਦੀ ਵਾਰ ਵਿਚ ਪਾਠ ਹੈ:

ਲਈ ਭਗੌਤੀ ਦੁਰਗ ਸ਼ਾਹ ਵਰਜਾਗਨ ਭਾਰੀ॥

ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ॥

 

ਕੀ ਇਸ ਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ (ਦੇਵੀ) ਫੜ ਕੇ ਰਾਜੇ ਸੁੰਭ ਦੇ ਸਿਰ ਵਿਚ ਮਾਰੀ, ਜਿਸ ਨੇ ਉਸ ਦਾ ਲਹੂ ਚੱਖਿਆ?

 

(ਅ) ਕੀ ਗੁਰੂ ਅਰਜਨ ਸਾਹਿਬ ਭੀ ਫਾਰਸੀ ਅੱਖਰਾਂ ਵਿਚ ਸ਼ਬਦ ਲਿਖਿਆ ਕਰਦੇ ਸੇ, ਜਿਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ? ਦੇਖੋ! ਸੁਖਮਨੀ ਦਾ ਪਾਠ:

ਭਗਉਤੀ ਭਗਵੰਤ ਭਗਤਿ ਕਾ ਰੰਗ॥ ਸਗਲ ਤਿਆਗੈ ਦੁਸਟ ਕਾ ਸੰਗੁ॥ ਸਾਧਸੰਗਿ ਪਾਪਾ ਮਲੁ ਖੋਵੈ॥ ਤਿਸ ਭਗਉਤੀ ਕੀ ਮਤਿ ਊਤਮ ਹੋਵੈ॥….

ਹਰਿ ਕੇ ਚਰਨ ਹਿਰਦੈ ਬਸਾਵੈ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥

ਕਿਉਂ ਸਾਹਿਬ! ਇਹ ਭਗੌਤੀ ਹੈ ਜਾਂ ਭਗਵਤੀ? ਔਰ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ?

 

(ੲ) ਭਗੌਤੀ ਸਤੋਤ੍ਰ ਔਰ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਲਿਖਿਆ ਹੈ:

ਨਮੋ ਸ੍ਰੀ ਭਗੌਤੀ ਭਢੈਲੀ ਸਰੋਹੀ॥ (ਭਗਉਤੀ ਸਤੋਤ੍ਰ ਸਤਰ 1)

….ਨਾਉ ਭਗੌਤੀ ਲੋਹ ਘੜਾਯਾ।…॥26॥ (ਭਾਈ ਗੁਰਦਾਸ, ਵਾਰ 25)

ਕੀ ਭਗਵਤੀ (ਦੇਵੀ) ਨੂੰ ਸਾਣ ਪਰ ਬਾਢ ਚੜ੍ਹਾਇਆ ਜਾਂਦਾ ਹੈ? ਔਰ ਕੀ ਉਹ ਲੋਹੇ ਦੀ ਘੜੀ ਹੋਈ ਹੈ? ‘ਦਬਿਸਤਾਨਿ ਮਜ਼ਿਹਬ’ਦੇ ਕਰਤਾ ਨੇ ਇਕ ਅੱਖੀਂ ਦੇਖਿਆ ਪ੍ਰਸੰਗ ਦੇਵੀ ਦਾ ਲਿਖਿਆ ਹੈ, ਜਿਸ ਤੋਂ ਗੁਰਸਿੱਖਾਂ ਵਿਚ ਦੇਵੀ ਦੇ ਸਨਮਾਨ ਦੀ ਅਸਲੀਅਤ ਪ੍ਰਗਟ ਹੁੰਦੀ ਹੈ, ਧਿਆਨ ਦੇ ਕੇ ਸੁਣੀਏ:

 

‘ਗੁਰੂ ਹਰਿਗੋਬਿੰਦ ਜੀ ਕੀਰਤਪੁਰ ਪਹੁੰਚੇ, ਜੋ ਰਾਜਾ ਤਾਰਾ ਚੰਦ ਦੀ ਰਾਜਧਾਨੀ ਵਿਚ ਸੀ, ਉਥੋਂ ਦੇ ਲੋਕ ਮੂਰਤੀ ਪੂਜਕ ਸਨ। ਪਹਾੜ ਦੇ ਸਿਰ ਪਰ ਇਕ ਨੈਣਾਂ ਦੇਵੀ ਦਾ ਮੰਦਰ ਸੀ, ਜਿਸ ਨੂੰ ਪੂਜਣ ਲਈ ਆਸ ਪਾਸ ਦੇ ਲੋਕ ਆਇਆ ਕਰਦੇ ਸਨ। ਇਕ ਭੈਰੋਂ ਨਾਮੀ ਗੁਰੂ ਦੇ ਸਿਖ ਨੇ ਮੰਦਰ ਵਿਚ ਪਹੁੰਚ ਕੇ ਨੈਣਾ ਦੇਵੀ ਦਾ ਨੱਕ ਤੋੜ ਸੁਟਿਆ। ਇਸ ਗਲ ਦੀ ਚਰਚਾ ਸਾਰੇ ਫੈਲ ਗਈ, ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਪਾਸ ਪਹੁੰਚ ਕੇ ਸਿੱਖ ਦੀ ਸ਼ਿਕਾਇਤ ਕੀਤੀ। ਗੁਰੂ ਸਾਹਿਬ ਨੇ ਭੈਰੋਂ ਸਿੱਖ ਨੂੰ ਰਾਜਿਆਂ ਦੇ ਸਾਹਮਣੇ ਬੁਲਾ ਕੇ ਪੁਛਿਆ, ਤੇ ਉਸ ਨੇ ਆਖਿਆ ਕਿ ਦੇਵੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਦਾ ਨੱਕ ਕਿਸ ਨੇ ਤੋੜਿਆ ਹੈ? ਇਸ ਪਰ ਰਾਜਿਆਂ ਨੇ ਭੈਰੋਂ ਨੂੰ ਆਖਿਆ ਕਿ ਹੇ ਮੂਰਖ! ਕਦੇ ਦੇਵੀ ਭੀ ਗੱਲਾਂ ਕਰ ਸਕਦੀ ਹੈ? ਭੈਰੋਂ ਨੇ ਹਸ ਕੇ ਜਵਾਬ ਦਿਤਾ ਕਿ ਜੋ ਦੇਵੀ ਬੋਲ ਨਹੀਂ ਸਕਦੀ ਔਰ ਆਪਣੇ ਅੰਗਾਂ ਨੂੰ ਨਹੀਂ ਬਚਾ ਸਕਦੀ, ਤੁਸੀਂ ਉਸ ਤੋਂ ਨੇਕੀ ਦੀ ਕੀ ਉਮੀਦ ਰਖਦੇ ਹੋ? ਇਸ ਗਲ ਨੂੰ ਸੁਣ ਕੇ ਰਾਜੇ ਚੁੱਪ ਹੋ ਗਏ।“

WRITTEN BY BHAI KAHAN SINGH NABHA , HUM HINDU NAHI ————————

(ਹ) ਪ੍ਰਿਥਮ ਭਗੌਤੀ ਸਿਮਰਿ ਕੈ-

ਅਰਥਾਤ, ਸਰਵ ਸੰਹਾਰ ਕਰਤਾ ਮਹਾ ਕਾਲ ਸਿਮਰਣ ਕਰ ਕੇ ਇਸ ਥਾਂ ਭਗੌਤੀ ਸ਼ਬਦ ਦਾ ਅਰਥ ਪਾਰਬ੍ਰਹਮ ਹੈ। ਜੇ ਕੋਈ ਇਹ ਪ੍ਰਸ਼ਨ ਕਰੇ ਕਿ ਜਦ ‘ਵਾਰ ਭਗਉਤੀ’ ਸਿਰਲੇਖ ਵਿਚ ਭਗੌਤੀ ਸ਼ਬਦ ‘ਦੁਰਗਾ’ ਅਰਥ ਰਖਦਾ ਹੈ, ਤਦ ‘ਪ੍ਰਿਥਮ ਭਗੌਤੀ ਸਿਮਰਿ ਕੈ” ਇਸ ਥਾਂ ਦੇਵੀ ਦਾ ਅਰਥ ਕਿਉਂ ਨਹੀਂ?

 

ਇਸ ਦਾ ਉਂਤਰ ਹੈ ਕਿ ਸ਼ਬਦ ਅਤੇ ਪਦਾਂ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ, ਜਿਵੇਂ ਅਕਾਲ ਉਸਤਤਿ ਦੇ 244 ਛੰਦ ਵਿਚ ‘ਪਦਮਾਪਤਿ’ ਦਾ ਅਰਥ ‘ਵਿਸ਼ਨੁ’ ਹੈ ਅਤੇ ਛੰਦ 245 ਵਿਚ ‘ਅਕਾਲ ਪੁਰਖ’ ਹੈ। ਇਸੇ ਤਰ੍ਹਾਂ ‘ਬਚਿਤ੍ਰ ਨਾਟਕ’ ਦੇ ਛੇਵੇਂ ਅਧਯਾਯ ਦੇ 14 ਅੰਗ ਵਿਚ ‘ਪਰਮ ਪੁਰਖ’ ਦਾ ਅਰਥ ‘ਵਾਹਿਗੁਰੂ’ ਹੈ ਅਤੇ 26 ਅੰਗ ਵਿਚ ‘ਪਰਮ ਪੁਰਖ’ ਦਾ ਅਰਥ ‘ਉਤਮ ਪੁਰਖ’ ਹੈ। ਇਸੇ ਤਰ੍ਹਾਂ-ਕਾਲ ਗਯੋ ਇਨ ਕਾਮਨ ਸੋਂ ਜੜ੍ਹ,

ਕਾਲ ਕ੍ਰਿਪਾਲ ਹੀਏ ਨ ਚਿਤਾਰਿਓ॥25॥ (ਤੇਤੀ ਸਵੱਯੇ)

 

ਇਸ ਤੁਕ ਵਿਚ ‘ਕਾਲ’ ਦਾ ਅਰਥ ਸਮਾਂ ਅਤੇ ਅਕਾਲ ਹੈ।

 

(ਗੁਰਮਤਿ ਮਾਰਤੰਡ, ਪੰਨਾ 733 ਤੋਂ 736)

ਇਸ ਤੋਂ ਅਗੇ ‘ਗੁਰਮਤਿ ਸੁਧਾਰਕ’ ਵਿਚ ਇਉਂ ਮਿਲਦਾ ਹੈ-

ਜੇ ਕੋਈ ਹਠੀਆ ਇਹ ਨਾ ਮੰਨੇ ਅਤੇ ਭਗੌਤੀ ਪਦ ਦਾ ਦੇਵੀ ਅਰਥ ਹੀ ਕਰੇ, ਤਾਂ ਅਸੀਂ ਉਸ ਤੋਂ ਪੁਛਾਂਗੇ ਕਿ-

ਲਈ ਭਗੌਤੀ ਦੁਰਗਸ਼ਾਹ ਵਰਜਾਗਣ ਭਾਰੀ।

 

ਲਾਈ ਰਾਜੇ ਸੁੰਭ ਨੋ ਰਤੁ ਪੀਏ ਪਿਆਰੀ।53।

 

(ਚੰਡੀ ਦੀ ਵਾਰ)

ਇਸ ਦਾ ਕੀ ਅਰਥ ਹੋਵੇਗਾ? ਜੇ ਇਥੇ ਭਗੌਤੀ ਦਾ ਅਰਥ ਤਲਵਾਰ ਨਹੀਂ ਕਰਾਂਗੇ ਤਾਂ ਇਹ ਅਰਥ ਹੋਊ ਕਿ ਦੁਰਗਾ ਨੇ ਦੇਵੀ ਨੂੰ, ਅਰਥਾਤ, ਆਪਣੇ ਤਾਈਂ ਫੜ ਕੇ ਗਦਾ ਦੀ ਤਰ੍ਹਾਂ ਰਾਜਾ ਸੁੰਭ ਦੇ ਸਿਰ ਮਾਰਿਆ। —————————-

ਸਿਖ ਅਰਦਾਸ ਦੀ ਉਪਰੋਕਤ ਆਰੰਭਕ ਪਉੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਭਗਉਤੀ ਕੀ ਵਾਰ (ਅਥਵਾ ਚੰਡੀ ਵਾਰ*) ਦੀ ਪਹਿਲੀ ਪਉੜੀ ਹੈ। ਇਸ ਨੂੰ ਉਥੋਂ ਲੈ ਕੇ ਅਰਦਾਸ ਵਿਚ ਮੰਗਲਾਚਰਨ ਦੇ ਰੂਪ ਵਿਚ ਸ਼ਾਮਿਲ ਕੀਤਾ ਗਿਆ ਹੈ। ‘ਭਗਉਤੀ ਕੀ ਵਾਰ’ ਨੂੰ, ਜਿੱਥੋਂ ਇਹ ਪਉੜੀ ਲਈ ਗਈ ਹੈ, ‘ਦੁਰਗਾ ਪਾਠ’ ਦਾ ਖੁਲ੍ਹਾ ਅਨੁਵਾਦ (*ਇਹ ਵਾਰ ਦਸਮ ਗ੍ਰੰਥ ਵਿਚ ਚੰਡੀ ਚਰਿਤ੍ਰਾਂ ਤੋਂ ਮਗਰੋਂ ਆਉਂਦੀ ਹੈ। ਮ੍ਰਿਗਕੁੰਡ ਰਿਸਿ ਦੇ ਪੁੱਤਰ ਮਾਰਕੰਡੇ ਰਿਸਿ ਰਚਿਤ ਮਾਰਕੰਡੇਯ ਪੁਰਾਣ ਦੇ ਚੌਧਵੇਂ ਅਧਿਆਇ ਦੇ ਇਕ ਭਾਗ ਦਾ ਨਾਮ ‘ਦੁਰਗਾ ਪਾਠ’ ਅਥਵਾ ‘ਦੁਰਗਾ ਸਪਤਸਤੀ’ ਹੈ। 700 ਪਦਾਂ ਦੀ ਇਸ ਰਚਨਾ ਦਾ ਸੰਖੇਪ ਖੁਲ੍ਹਾ ਅਨੁਵਾਦ ‘ਭਗਉਤੀ ਕੀ ਵਾਰ’ ਦੇ 55 ਪਦਾਂ ਵਿਚ ਕੀਤਾ ਗਿਆ ਹੈ। ) ਮੰਨਿਆ ਗਿਆ ਹੈ। ਇਸ ਵਾਰ ਵਿਚ ਦੁਰਗਾ ਦੀ ਦੈਂਤਾਂ ਨਾਲ ਹੋਈ ਲਵਾਈ ਦਾ ਵਰਣਨ ਹੈ। ਇਸੇ ਪ੍ਰਕਾਰ ਦੀਆਂ, ਅਪੂਰਬ ਸੂਰਬੀਰਤਾ ਦੇ ਵਰਣਨ ਵਾਲੀਆਂ ਕਈ ਹੋਰ ਪੋਰਾਣਕ ਕਥਾਵਾਂ ਨੂੰ ਵੀ ਦਸਮ ਪਾਤਸ਼ਾਹ ਨੇ ਸਿੰਘਾਂ ਅੰਦਰ ਸੂਰਮਗਤੀ ਦੀ ਪ੍ਰੇਰਨਾ ਜਗਾਉਣ ਹਿਤ ਸਮੇਂ ਦੀ ਪ੍ਰਚਲਿਤ ਸਾਹਿਤਕ ਬੋਲੀ ਵਿਚ ਅਨੁਵਾਦ ਕੀਤਾ, ਕਰਵਾਇਆ। ਇਹ ਵਾਰ ਵੀ ਐਸੀ ਹੀ ਪ੍ਰੇਰਨਾ ਜਗਾਉਣ ਦੇ ਇਰਾਦੇ ਨਾਲ ਅਨੁਵਾਦੀ ਗਈ ਜਾਪਦੀ ਹੈ।

 

ਇਹ ਵਾਰ ਕਾਵਿ-ਰਚਨਾ ਹੈ। ਕਾਵਿ ਅੰਦਰ ਇਕੋ ਸ਼ਬਦ ਨੂੰ ਕਈ ਅਰਥਾਂ ਵਿਚ ਵਰਤ ਕੇ ਭਾਸ਼ਾ ਦੀ ਬਹੁਪਰਤਤਾ ਉਜਾਗਰ ਕਰਨਾ ਕਾਵਿ ਦਾ ਵਿਸ਼ੇਸ਼ ਗੁਣ ਵੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ੇਸ਼ ਸ਼ੈਲੀ ਵੀ। ਵਾਰ ਦੇ ਮੰਗਲ “ਨੂੰ ਤੋਂ ਵਾਹਿਗੁਰੂ ਜੀ ਕੀ ਫਤਿਹ । ਸ੍ਰੀ ਭਗਉਤੀ ਜੀ ਸਹਾਇ” ਵਿਚ ‘ਭਗਉਤੀ’ ਪਦ ਦੇ ਅਰਥ ਇੱਕੇ ਵੇਲੇ ;

‘ਖੜਗ’ ਵੀ ਹਨ ਤੇ ‘ਅਕਾਲ ਪੁਰਖ’ ਵੀ। ਇਸ ਵਾਰ ਦਾ ਸਿਰਲੇਖ ਹੈ ‘ਵਾਰ ਸ੍ਰੀ ਭਗਉਤੀ ਜੀ ਕੀ’। ਇਸ ਵਿਚ ਆਏ ਭਗਉਤੀ ਪਦ ਦੇ ਅਰਥ ਆਮ ਤੌਰ ਤੇ ‘ਦੁਰਗਾ’ ਕੀਤੇ ਜਾਂਦੇ ਹਨ। ਇਸ ਦਾ ਸਿੱਧਾ ਕਾਰਨ ਇਹ ਜਾਪਦਾ ਹੈ ਕਿ

 

ਯਥਾ: ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ।

ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ।

-ਕ੍ਰਿਸ਼ਨਾਵਤਾਰ : 2491-2 —————————————————-

 

ਕਈ ਸਜਨਾਂ ਨੇ ਭੁਲੇਖਾ ਖਾਧਾ ਹੈ ਕਿ ਇਥੇ ‘ਭਗਉਤੀ’ ਦਾ ਅਰਥ ਦੁਰਗਾ ਹੈ, ਕਿਉਂਕਿ ਇਹ ਦੁਰਗਾ ਪਾਠ ਦੇ ਅਨੁਵਾਦ ਦਾ ਮੰਗਲ ਹੈ। ਉਨ੍ਹਾਂ ਦੇ ਗਿਆਤ ਲਈ ਇਹ ਦਸਣਾ ਜ਼ਰੂਰੀ ਹੈ ਕਿ ਗੁਰੂ ਜੀ ਨੇ ਭਗਉਤੀ ਪਦ ਅਕਾਲ ਪੁਰਖ ਦੇ ਪਰਯਾਯਵਾਚੀ ਅਰਥਾਂ ਵਿਚ ‘ਪਾਖਯਾਨ ਚਰਿਤ੍ਰ’ ਦੇ ਮੰਗਲ ਵਿਚ ਵੀ ਵਰਤਿਆ ਹੈ, ਜਿੱਥੇ ਪਾਠ ਦੇ ਸੰਦਰਭ ਦਾ ਦੁਰਗਾ ਨਾਲ ਕੋਈ ਸੰਬੰਧ ਨਹੀਂ। ਉਹ ਮੰਗਲ ਇਸ ਪ੍ਰਕਾਰ ਹੈ:

 

ਪ੍ਰਥਮ ਧਯਾਇ ਸ੍ਰੀ ਭਗਉਤੀ ਬਰਨੌ ਤ੍ਰਿਯਾ-ਪ੍ਰਸੰਗ।

-ਪਾਖਯਾਨ ਚਰਿਤ੍ਰ 1, 46-1

 

ਕਿ ਇਸ ਵਾਰ ਵਿਚ ਦੁਰਗਾ ਦੇ ਦੈਂਤਾ ਨਾਲ ਕੀਤੇ ਜੁੱਧ ਦਾ ਵਰਣਨ ਹੈ। ਪਰ, ਜੇ ਗਹੁ ਨਾਲ ਸੋਚੀਏ ਤਾਂ ਇਹ ਵਾਰ ਉਸ ‘ਸ੍ਰੀ ਭਗਉਤੀ’ ਦੀ ਹੈ ਜਿਸ ਦੀ ਭਾਰੀ ਵਰਜਾਗਨਤਾ ਸਾਰੀ ਵਾਰ ਵਿਚ ਓਤ ਪੋਤ ਪਰਗਟ ਹੈ। ਵਾਰ ਦੇ ਅੰਦਰ ਹੀ ਇਸ ਦਾ ਪ੍ਰਮਾਣ ਮੌਜੂਦ ਹੈ:

 

ਲਈ ਭਗਉਤੀ ਦੁਰਗਸਾਹ ਵਰਜਾਗਨਿ ਭਾਰੀ।

ਲਾਈ ਰਾਜੈ ਸੁੰਭ ਨੌ ਰਤੁ ਪੀਐ ਪਿਆਰੀ। -ਚੰਡੀ ਵਾਰ 53:2

 

ਇਥੇ ਦੁਰਗਾ ਨੇ ਜੋ ਭਗਉਤੀ (=ਖੜਗ) ਪਕੜੀ ਹੈ, ਇਹ ਵਾਰ ਉਸੇ ਮਹਾ ਵਰਜਾਗਨ ‘ਸ੍ਰੀ ਭਗਉਤੀ ਜੀ’ ਦੀ ਵਾਰ ਹੈ। ਇਸ ਵਸਦੇ ਰਸਦੇ ਸੰਸਾਰ ਵਿਚ ਇਸ ਦਾ ਸਿਰਜਣਹਾਰ ਬੇ-ਹਰਕਤ ਹੋ ਕੇ ਨਹੀਂ ਵਿਚਰ ਰਿਹਾ। ਉਹ ਤਾਂ ਹਰਥੇ, ਹਰ ਸਮੇਂ ‘ਸੰਤ ਉਬਾਰਨ, ਦੁਸ਼ਟ ਉਪਾਰਨ’ ਦੇ ਆਹਰ ਵਿਚ ਰੁੱਝਾ ਹੋਇਆ ਹੈ। ਉਸ ਦੀ ਤਲਵਾਰ ਦੀ ਲਿਸ਼ਕ ਹਰਥੇ ਵੱਜਦੀ ਹੈ। ਇਹ ਮਹਾ-ਵਰਦਾਤੀ, ਮਹਾ-ਬਿਜਲਈ ਮਹਾ-ਸ਼ਕਤੀਸ਼ਾਲੀ ਸ਼ਮਸ਼ੀਰ ਉਸ ਦੇ ਆਪਣੇ ‘ਧਰਮ-ਨਿਆ’ ਦੀ ਖੜਗ ਹੈ, ਉਸ ਦੇ ਆਪਣੇ ਬਿਦਰ’ ਦੀ ਤੇਗ ਹੈ, ਉਸ ਦੀ ਆਪਣੀ ਕੁਰਦਰਤ, ਆਪਣੇ ਗੁਣ, ਆਪਣੇ ਸੁਭਾ ਦੀ ਭਗਉਤੀ ਹੈ’। ਇਹ ਉਸੇ ‘ਸ੍ਰੀ ਭਗਉਤੀ ਜੀ’ ਦੀ ਵਾਰ ਹੈ।

 

 1. “Everywhere…through-out the great perplexed universe, we can see the flashing of His Sword. “His Sword!” we say, and that must mean His nature uttering itself in His own form of force. Nothing can be in His Sword which is not in His nature. And so the Sword of God in heavenly regions (Is XXX14, 5) must mean perfect thoroughness and perfect justice contending against evil and self-will and bringing about everywhere the ultimate victory of righteousness and truth.” ————————————

ਵਾਹਿਗੁਰੂ ਨੂੰ ਸ਼ਸਤ੍ਰਾਂ ਦੇ ਨਾਮ ਨਾਲ ਸਿਮਰਨ ਦੀ ਸ਼ੈਲੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਨਵੇਕਲੀ ਤੇ ਵਿਸ਼ੇਸ਼ ਮੌਲਕ ਸ਼ੈਲੀ ਵੀ ਹੈ। ‘ਨਮਸਕਾਰ ਸ੍ਰੀ ਖੜਗ ਕੋ, “ਸਰਬ ਲੋਹ ਕੀ ਰਛਾ ਹਮਨੇ, ਸਰਬ ਕਾਲ ਜੀ ਕੀ ਰਛਿਆ ਹਮਨੈ”, ‘ਸ੍ਰੀ ਅਸਧੁਜ ਜੀ ਕਰੀਅਹੁ ਰੱਛਾ’, ‘ਸਾਹਿਬ ਸ਼੍ਰੀ ਸਭ ਕੋ ਸਿਰਨਾਇਕ’, ਆਦਿ ਜੈਸੇ ਸ੍ਰੀ ਮੁਖਵਾਕ ਇਸੇ ਧਾਰਨਾ ਦੇ ਪ੍ਰਮਾਣ ਹਨ। ਇਹਨਾਂ ਵਾਕੰਸ਼ਾਂ ਵਿਚ ਆਏ ‘ਖੜਗ’, ‘ਸਰਬ ਲੋਹ’, ‘ਅਸਧੁਜ’, ‘ਸਾਹਿਬ ਸ੍ਰੀ’ (=ਸ੍ਰੀ ਸਾਹਿਬ) ਪਦ ਸਭ ਅਕਾਲ ਪੁਰਖ ਦੇ ਹੀ ਲਖਾਇਕ ਹਨ, ਤੇ ਉਸੇ ਦੀ ਮਹਾਨ ਰਛਿਆ ਤੇ ਸਹਾਇਤਾ ਦੀ ਯਾਚਨਾ ਹਿਤ ਵਰਤੇ ਗਏ ਹਨ। ਐਸੀ ਵਿਲੱਖਣ ਸ਼ੈਲੀ ਮੋਈ ਹੋਈ ਕੌਮ ਨੂੰ ਸੁਰਜੀਤ ਕਰਨ ਲਈ ਦਰਕਾਰ ਸੀ। ਐਸੀ ਪ੍ਰਕਿਰਿਆ ਲਈ ਅਕਾਲ ਪੁਰਖ ਨੂੰ ‘ਸਰਬ ਲੋਹ’ ਰੂਪ ਵਿਚ ਸੰਕਲਪਨਾ ਬੜਾ ਜ਼ਰੂਰੀ ਸੀ। ਇਹ ਪਰਿਪੇਖ ਦ੍ਰਿੜ੍ਹ ਹੋ ਜਾਵੇ ਤਾਂ ਸ਼ਸਤ੍ਰਾਂ ਦੇ ਨਾਮ ਨਾਲ ਵਾਹਿਗੁਰੂ ਨੂੰ ਚਿਤਵਨ ਦਾ ਅਰਥ ਸਹਿਜੇ ਹੀ ਸਮਝ ਆ ਜਾਂਦਾ ਹੈ। ਜਿਸ ਦੇ ਅਪਾਰ ਭਰੋਸੇ ਦੀ ਸ਼ਰਨ ਵਿਚ ਸਤਿਗੁਰਾਂ ਆਪਣੀ ਉਮਤ ਨੂੰ ਪਾਉਣਾ ਸੀ, ਉਸ ਨੂੰ ‘ਕਾਲਿ ਕ੍ਰਿਪਾਨ’ ਕਰਕੇ ਨਿਰੂਪਣਾ ਕੁਦਰਤੀ ਸੀ। ਜਿਸ ਵਾਹਿਗੁਰੂ ਦੀ ਫ਼ਤਹ ਬੁਲਾਉਣੀ ਸੀ, ਉਸ ਨੂੰ ਖੰਡਾ-ਖੜਗ ਕਰਕੇ ਯਾਦ ਕਰਨਾ ਸੁਭਾਵਕ ਸੀ:

 

ਖਗ ਖੰਡ ਬਿਹੰਡੰ ਖਲਦਲ ਖੰਡ ਅਤਿ ਰਣ ਮੰਡੰ ਬਰਬੰਡ।

ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ।

 

ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ।

ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ।

-ਬਚਿਤ੍ਰ ਨਾਟਕ

ਜਿਹੜੀ ਤੇਗ਼ ਵਲ ਇਸ ਛੰਦ ਵਿਚ ਸੰਕੇਤ ਹੈ, ਉਭਾਰਨਹਾਰ, ਪ੍ਰਤਿਪਾਲਣਹਾਰ ਉਹ ਤੇਗ ਲੋਹੇ ਦਾ ਸ਼ਸਤ੍ਰ ਨਹੀਂ ਰਹਿ ਜਾਂਦੀ, ਅਕਾਲ ਪੁਰਖ ਦੀ ਅਪਾਰ ਕਲਾ ਹੋ ਕੇ ਭਾਸਦਾ ਹੈ।

 1. ਬਚਿਤ੍ਰ ਨਾਟਕ 3. ਅਕਾਲ ਉਸਤਤਿ 4. ਬੇਨਤੀ ਚਉਪਈ 5. ਅਕਾਲ ਉਸਤਤਿ

*ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੇ ਭਾਰੀ ਭਰੋਸੋ।

ਬਚਿਤਰ ਨਾਟਕ, 1/92 ————————————————-

ਭਗਉਤੀ ਕੀ ਵਾਰ ਦੀ ਦੂਜੀ ਪਉੜੀ ਵਿਚ ਹੀ ਭਗਉਤੀ ਪਦ ਦਾ ਅਸਲ ਪ੍ਰਯਾਯ ਸਪਸ਼ਟ ਹੋ ਜਾਂਦਾ ਹੈ। ਜਿਸ ਭਗਉਤੀ ਨੂੰ ਸਿਮਰ ਕੇ ਇਹ ਵਾਰ ਅਰੰਭੀ ਗਈ, ਉਸ ਨੂੰ ਇਸ ਪਉੜੀ ਵਿਚ ਇਉਂ ਨਿਰੂਪਿਆ ਗਿਆ ਹੈ:

 

ਖੰਡਾ ਪ੍ਰਿਥਮੈ ਸਾਜਿ ਕੈ ਜਿਨਿ ਸਭ ਸੰਸਾਰੁ ਉਪਾਇਆ।

ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ।

ਸਿੰਧ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ।

ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ।

ਤੈਂ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸ ਕਰਾਇਆ।

ਤੈਥੋਂ ਹੀ ਬਲੁ ਰਾਮ ਲੈ ਨਾਲਿ ਬਾਣਾ ਦਹਸਿਰੁ ਘਾਇਆ।

ਤੈਥੋਂ ਹੀ ਬਲੁ ਕ੍ਰਿਸਨੁ ਲੈ ਕੰਸੁ ਕੇਸੀ ਪਕੜ ਗਿਰਾਇਆ।

ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ।

ਕਿਨੀ ਤੇਰਾ ਅੰਤੁ ਨ ਪਾਇਆ। -ਵਾਰ ਸ੍ਰੀ ਭਗਉਤੀ ਜੀ ਕੀ

 

ਸਪਸ਼ਟ ਹੈ ਇਹ ਸਿਫ਼ਤ ਕੇਵਲ ਅਕਾਲ ਪੁਰਖ ਦੀ ਹੈ, ਕਿਸੇ ਦੁਰਗਾ-ਭਵਾਨੀ ਦੀ ਨਹੀਂ। *

 

ਇਸ ਵਾਰ ਵਿਚ ਸਿਮਰੀ ਗਈ ਭਗਉਤੀ ਨੇ ਪਹਿਲਾਂ ਖੰਡਾ ਅਥਵਾ ਸੰਘਾਰ ਸ਼ਕਤੀ ਸਾਜੀ (ਭਾਵ, ਜੋ ਕੁਝ ਵੀ ਸਿਰਜਿਆ, ਉਸ ਸਭ ਕਾਸੇ ਦੇ ਵਿਨਾਸ਼ ਦਾ ਸਾਮਾਨ ਪਹਿਲੋਂ ਹੀ ਤਿਆਰ ਕੀਤਾ), ਫਿਰ ਸਾਰੇ ਸੰਸਾਰ ਦਾ ਖੇਲ ਪਸਾਰਾ ਰਚਿਆ। ਸਾਰੇ ਦੇਵਤੇ ਉਸੇ ਨੇ ਉਪਾਏ। ਅਵਤਾਰਾਂ ਨੂੰ ਵੀ ਉਸੇ ਨੇ ਬਲ ਦਿਤਾ। ਦੁਰਗਾ ਨੂੰ ਵੀ ਉਸੇ ਨੇ ਸਾਜ ਕੇ ਉਸ ਹੱਥੋਂ ਦੈਂਤਾਂ ਦਾ ਨਾਸ ਕਰਵਾਇਆ। (ਇਸ ‘ਭਗਉਤੀ’ ਨੂੰ-ਜਿਸ ਨੇ ਦੁਰਗਾ ਸਾਜੀ-ਦੁਰਗਾ ਸਮਝਣਾ ਜੇਕਰ ਅਗਿਆਨ ਨਹੀਂ ਤਾਂ ਹੋਰ ਕੀ ਹੈ?)। ਇਹ ਤਾਂ ਓਹੋ ਸਰਬ-ਲੋਹ ਸਰਬ-ਕਾਲ ਅਕਾਲ ਪੁਰਖ ਹੈ, ਜਿਸ ਨੂੰ ਸਤਿਗੁਰਾਂ ਕਿਤੇ ਸ੍ਰੀ ਖੜਗ ਕਿਹਾ, ਕਿਤੇ ਕਾਲਿ ਕ੍ਰਿਪਾਨ, ਤੇ ਕਿਤੇ ਸ੍ਰੀ ਅਸਕੇਤ ਆਖਿਆ ਹੈ। ———————————

ਭਗਉਤੀ’ ਪਦ ਬਾਰੇ ਨਿਰਣਯ

– ਗਿਆਨੀ ਹਰਬੰਸ ਸਿੰਘ ਜੀ

 

ਪ੍ਰਵੇਸਕਾ-

 

“ਵਾਰ ਸ੍ਰੀ ਭਗਉਤੀ ਜੀ ਕੀ” ਨੂੰ ਹੁਣ ਤਕ ਕਈ ਵਿਦਵਾਨ ਦੇਵੀ ਦਾ ਮੰਗਲਾਚਰਨ ਹੀ ਦਸਦੇ ਆਏ ਹਨ। ਪਰ ਅਨਭਉ ਦੀਆਂ ਅੱਖਾਂ ਨਾਲ ਵੇਖਣ ਤੋਂ ਇਉਂ ਪ੍ਰਗਟ ਹੁੰਦਾ ਹੈ ਕਿ ਇਸ ਵਾਰ ਦੀ ਰੂਪਰੇਖਾ ਤੇ ਵਿਸ਼ਾ ਆਤਮਵਾਦੀ ਸੂਰਮਗਤੀ ਤੇ ਅਕਾਲੀ-ਸੱਤਾ ਨੂੰ ਪ੍ਰਗਟਾਉਣ ਵਾਲਾ ਹੈ। ਅਕਾਲ-ਸ਼ਕਤੀ, ਜਿਸ ਨੂੰ ਪਰਮ ਸ਼ਕਤੀ ਵੀ ਆਖਿਆ ਜਾਂਦਾ ਹੈ,ਸਮੂਹ ਸ਼ਕਤੀਆਂ ਦਾ ਸੋਮਾ ਹੈ । ਇਸ ਪਰਮ ਸ਼ਕਤੀ ਤੋਂ ਹੀ ਸ੍ਰੀ ਰਾਮ ਚੰਦਰ ਤੇ ਸ੍ਰੀ ਕ੍ਰਿਸ਼ਨ ਆਦਿ ਨੇ ਲੋੜੀਂ ਦਾ ਬਲ ਲੈ ਕੈ ਜੁੱਧ ਵਿਚ ਵਿਜੇ ਪ੍ਰਾਪਤ ਕੀਤੀ। ਇਥੇ ਹੀ ਬਸ ਨਹੀਂ, ਸਾਰੀ ਕੁਦਰਤ-ਰਚਨਾ, ਸਰਗੁਣ ਸਰੂਪ ਦੀ ਸਾਰੀ ਖੇਡ, ਬ੍ਰਹਮਾ, ਬਿਸ਼ਨ, ਮਹੇਸ਼ ਲੀ ਉਤਪਤੀ, ਦੈਂਤਾਂ ਤੇ ਦੁਰਗਾ ਅਤੇ ਬਾਕੀ ਸਾਰੇ ਪਸਾਰੇ ਦਾ ਵਿਸਥਾਰ ਤੇ ਸੰਘਾਰ ਉਕਤ ਪਰਮ ਸੱਤਾ ਤੋਂ ਹੀ ਹੋਇਆ। ਜੇ “ਸ੍ਰੀ ਭਗਉਤੀ ਜੀ ਕੀ ਵਾਰ” ਨਾ ਹੁੰਦੀ ਤਾਂ ਲੋਕਾਂ ਨੁੰ ਇਸ ਗੱਲ ਦਾ ਪੱਕਾ ਨਿਸਚਾ ਹੋ ਜਾਣਾ ਸੀ ਕਿ ‘ਦੁਰਗਾ’ ਹੀ ਵਡੀ ਸ਼ਕਤੀ ਹੈ। ਲੋਕਾਂ ਨੇ ਅਕਾਲ ਪੁਰਖ ਦੀ ਪੂਜਾ ਛਡ ਕੇ ਦੁਰਗਾ ਦੇਵੀ ਦੀ ਪੂਜਾ ਵਿਚ ਪਰਵਿਰਤ ਹੋ ਜਾਣਾ ਸੀ। ਇਸ ਭਰਮ-ਭੁਲੇਖੇ ਨੂੰ ਕਢਣ ਲਈ ਹੀ ਗੁਰੂ ਜੀ ਨੇ ਇਸ ਵਾਰ ਦੀ ਦੂਜੀ ਪਉੜੀ ਵਿਚ ਅੰਕਿਤ ਕੀਤਾ ਹੈ-

ਤੈਂ ਹੀ ਦੁਰਗਾ ਸਾਜਿ ਕੈ, ਦੈਂਤਾਂ ਦਾ ਨਾਸੁ ਕਰਾਇਆ॥

 

ਜੋ ਇਹ ਪਹਿਲੀਆਂ ਦੋ ਪਉੜੀਆਂ ਇਸ ਰਚਨਾ ਦੇ ਮਧ ਵਿਚ ਜਾਂ ਹੋਰ ਕਿਤੇ ਉਪਸਥਿਤ ਹੁੰਦੀਆਂ ਤਾ ਇਸ ਦੀ ਭਿੰਨਤਾ ਜਾਚਣੀ ਵੀ ਔਖੀ ਸੀ,ਪਰ ਹੁਣ ਤਾਂ ‘ਭਗਉਤੀ’ ਨੂੰ ਪਰਮ ਸ਼ਕਤੀ ਦਾ ਪ੍ਰਤੀਕ ਕਾਰਨ ਦਰਜ ਹੀ ਸਭ ਤੋੰ ਪਹਿਲਾਂ ਕੀਤਾ ਗਿਆ ਹੈ, ਜਿਸ ਕਾਰਨ ਸਾਰੀ ਭਰਮ-ਭ੍ਰਾਂਤੀ ਮੁਕ ਗਈ ਹੈ।

 

‘ਭਗਉਤੀ’ ਦਾ ਯੁਧ ਵਿਚ ਲੜਨਾ ਸ਼ਬਦਾਂਤਕ ਰੂਪ ਵਿਚ ਕਿਤੇ ਨਹੀੰਂ ਆਇਆ। ਹਾਂ, ‘ਭਗਉਤੀ’ ਸ਼ਬਦ ਦਾ ਵਰਨਣ ਇਕ ਵਾਰ ਇਸ ਵਾਰ ਦੇ ਅਰੰਭ ਵਿਚ ਤੇ ਦੂਜੀ ਵਾਰ 53ਵੀੰ ਪਉੜੀ ਵਿਚ ਕੀਤਾ ਗਿਆ ਹੈ-

ਅਰੰਭ ਵਿਚ- ਸ੍ਰੀ ਭਗਉਤੀ ਜੀ ਸਹਾਇ॥

 

ਵਾਰ ਸ੍ਰੀ ਭਗਉਤੀ ਜੀ ਕੀ॥

 

ਪ੍ਰਿਥਮ ਭਗਉਤੀ ਸਿਮਰਿ ਕੈ……

 

53ਵੀੰ ਪਉੜੀ ਵਿਚ-

ਲਈ ਭਗਉਤੀ ਦੁਰਗਸ਼ਾਹ ਵਰਜਾਗਨ ਭਾਰੀ॥

 

ਅਰੰਭ ਵਿਚ ਵਰਤੇ ‘ਭਗਉਤੀ’ ਪਦ ਦੇ ਅਰਥ ‘ਅਕਾਲ ਪੁਰਖ’ ਹਨ ਅਤੇ 53ਵੀੰ ਪਉੜੀ ਵਿਚ ਇਸ ਦੇ ਅਰਥ ‘ਤਲਵਾਰ’ ਹਨ। ਭਗਉਤੀ ਤੋੰ ਛੁਟ ਬਾਕੀ ਦੇ ਸਾਰੇ ਨਾਮ ਦੁਰਗਾ ਦੇ ਵਿਸ਼ੇਸਣ ਜਾਂ ਲਖਾਇਕ ਹਨ।

 

ਭਗਉਤੀ ਪਦ ਦੇ ਅਰਥਾਂ ਬਾਰੇ ਨਿਰਣਯ-

 

ਅਕਾਲੀ ਬਾਣੀ ਦਾ ਪਠਣ ਪਾਠਣ ਕਰਨ ਵਾਲੇ ਸਭ ਪਾਠਕ ਭਲੀ ਭਾਂਤ ਜਾਣਦੇ ਹਨ ਕਿ ਗੁਰਬਾਣੀ ਵਿਚ ਇਕ ਥਾਂ ਤੇ ਨਹੀਂ, ਕਈ ਬਾਰ ਅਜਿਹੇ ਸ਼ਬਦਾਂ ਸਰੂਪਾਂ ਦੀ ਵਰਤੋਂ ਆਈ ਹੈ, ਜਿਨ੍ਹਾਂ ਦਾ ਬਾਹਰਮੁਖੀ ਸੰਬੰਧ ਹਿੰਦੂ ਧਰਮ ਦੇ ਅਵਤਾਰਾਂ, ਖ਼ਾਸ ਖ਼ਾਸ ਵਿਅਕਤੀਗਤ ਦੇਵਤਿਆਂ ਨਾਲ ਹੈ, ਪਰ ਅਸਲ ਵਿਚ ਉਨ੍ਹਾਂ ਨਾਵਾਂ ਦੀ ਵਰਤੋਂ ਸਤਿਗੁਰੂ ਨੇ ਅਨੁਭਵ ਬ੍ਰਿਤੀ ਦੁਆਰਾ ਆਪਣੇ ਨਿਰਗੁਣ ਇਸ਼ਟ ਪ੍ਰਤੀ ਕੀਤੀ ਹੈ। ਅਕਾਲ ਰੂਪੀ ਸਤਿਗੁਰਾਂ ਦੀ ਅੰਮ੍ਰਿਤ-ਦ੍ਰਿਸ਼ਟੀ ਵਿਚ ਸਾਰੇ ਪਾਸੇ ਇਕੋ ਅਕਾਲੀ ਸ਼ਕਤੀ ਹੀ ਕੰਮ ਕਰਦੀ ਦਿਖਾਈ ਦਿੰਦੀ ਹੈ। ਆਪ ਨੇ ਸਾਰੇ ਅਵਤਾਰਾਂ, ਦੇਵਤਿਆਂ ਅਥਵਾ ਦੈਂਤਾਂ ਵਿਚ ਇਕ ਕਰਤਾ ਪੁਰਖ ਦੀ ਹੀ ਵਡਿਆਈ ਵੇਖੀ ਅਤੇ ਅਗੰਮੀ ਉਸਤਤਿ ਦੇ ਰੂਪ ਵਿਚ ਹੀ ਆਪਣੇ ਉਸ ਕਰਤਾਰ ਨੂੰ ਸਲਾਹਿਆ ਅਤੇ ਉਸ ਦੇ ਦੀਦਾਰੇ ਕੀਤੇ ਹਨ, ਨਾ ਕਿ ਉਸ ਦੇ ਰਚੇ ਹੋਏ ਅਵਤਾਰਾਂ ਆਦਿ ਨੂੰ।

 

‘ਭਗਉਤੀ’ ਪਦ ਦੇ ਵਿਰੋਧੀਆਂ ਨੂੰ ਭਲੀ-ਭਾਂਤਿ ਪਤਾ ਹੈ ਕਿ ਗੁਰਬਾਣੀ ਅੰਦਰ ਅਕਾਲ ਪੁਰਖ ਜੀ ਦੇ ਅਨੇਕਾਂ ਅਜਿਹੇ ਕਰਮ-ਨਾਮ ਦਰਜ ਹਨ ਜਿਨ੍ਹਾਂ ਦਾ ਜਾਪ ਤੇ ਜ਼ਿਕਰ ਹਿੰਦੂ ਧਰਮ ਦੇ ਉਪਾਸ਼ਕ ਕਰਦੇ ਹਨ, ਜਿਵੇਂ ਕਿ ਗੋਵਰਧਨਧਾਰੀ, ਮੁਰਲੀ ਮਨੋਹਰ, ਮਾਧਵ, ਕ੍ਰਿਸ਼ਨ ਮੁਰਾਰੀ, ਜਗਦੀਸ਼, ਸ੍ਰੀ ਰਾਮਚੰਦ, ਬਾਸਦੇਵ, ਬਨਵਾਲੀ, ਕਾਨ੍ਹ, ਰਘੁਨਾਥ, ਰਾਜਾ ਰਾਮ ਆਦਿ। ਪਰ ਇਨ੍ਹਾਂ ਸ਼ਬਦਾਂ ਬਾਰੇ ਆਮ ਪਾਠਕਾਂ ਨੇ ਕਦੇ ਕੋਈ ਕਿੰਤੂ ਕਰਨ ਦੀ ਜੁਅਰਤ ਨਹੀਂ ਕੀਤੀ, ਕਿਉਂ ਜੁ ਇਹ ਗੁਰੂ ਰੂਪ ਬਾਣੀ ਚਿ ਦਰਜ ਹਨ। ਪਰ ਉਹ ਵੀਰ ‘ਭਗਉਤੀ’ ਪਦ, ਜੋ ਕਿ ਗੁਰੂ ਜੀ ਨੇ ਉਪਰੋਕਤ ਨਾਵਾਂ ਵਾਂਗ ਹੀ ਵਰਤਿਆ ਹੈ, ਦਾ ਅਰਥ ਆਪਣੇ ਕੋਲੋਂ ‘ਦੇਵੀ’ ਕਲਪ ਕੇ ਕੌਮ ਵਿਚ ਇਕ ਕਲਪਣਾ ਖੜੀ ਕਰਨ ਦਾ ਅਪਜਸ ਕਿਉਂ ਖਟ ਰਹੇ ਹਨ।

 

ਉਪਰੋਕਤ ਨਾਵਾਂ ਦਾ ਸੰਗ੍ਰਹਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਨਾ 1082-83 ਤੇ ਮਾਰੂ ਸੋਲਹੇ ਮ: 5 ਵਿਚ ਦਿਤਾ ਹੈ। ਇਹੋ ਭਾਵਨਾ ਦਸਮੇਸ਼ ਜੀ ਦੀ ਬਾਣੀ ‘ਅਕਾਲ ਉਸਤਤਿ’ ਵਿਚ ਮੌਜੂਦ ਹੈ। ਸੋ, ਗੁਰੂ ਸਾਹਿਬ ਦਾ ਗੂੜ੍ਹ ਮੂਲਕ ਸਿਧਾਂਤ ਸਮਝੇ ਬਿਨਾਂ ਐਵੇਂ ਵਾਦ-ਵਿਵਾਦ ਖੜਾ ਕਰਨਾ ਕੋਈ ਸਿਆਣਪ ਨਹੀਂ। ਆਓ, ਗੁਰਬਾਣੀ ਦੀ ਟੇਕ ਲੈ ਕੇ ਆਪਣੇ ਵਿਚਾਰਾਂ ਵਿਚ ਦ੍ਰਿੜ੍ਹਤਾ ਪੈਦਾ ਕਰਨ ਦਾ ਯਤਨ ਕਰੀਏ:-

ਅਵਤਾਰੀ ਨਾਮ ਅਕਾਲ ਦੇ ਲਖਾਇਕ

 

ਰਾਮ-

 1. ‘ਰਾਮ’ ਨ ਜਪਹੁ ਅਭਾਗ ਤੁਮਾਰਾ॥

 

ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ॥1॥ਰਹਾੳ॥ (ਪੰਨਾ 228)

 

 1. ਸਭ ਸੁਖਦਾਤਾ ‘ਰਾਮੁ’ ਹੈ, ਦੂਸਰ ਨਾਹਿਨ ਕੋਇ॥

 

ਕਹੁ ਨਾਨਕ ਸੁਨ ਰੇ ਮਨਾ, ਤਿਹ ਸਿਮਰਤ ਗਤਿ ਹੋਇ॥9॥ (ਪੰਨਾ 1426)

 

 1. ਰਾਮ ਰਾਮ ਰਾਮ ਕੀਰਤਨ ਗਾਇ॥

 

ਰਮਤ ‘ਰਾਮੁ’ ਸਭ ਰਹਿੳ ਸਮਾਇ॥1॥ (ਪੰਨਾ 865)

 

 1. ਸਭੇ ਘਟ ‘ਰਾਮ’ ਬੋਲੈ ‘ਰਾਮਾ’ ਬੋਲੈ॥

 

‘ਰਾਮ’ ਬਿਨਾ ਕੋ ਬੋਲੈ ਰੇ॥1॥ਰਹਾੳ॥ (ਪੰਨਾ 988)

 

 1. ਰਾਜਾ ‘ਰਾਮ’ ਕੀ ਸਰਣਾਇ॥1॥ਰਹਾੳ॥ (ਪੰਨਾ 899)

 

 1. ਰਾਜਾ ‘ਰਾਮੁ’ ਰਮਤ ਸੁਖੁ ਪਾਇਓ॥…॥1॥ਰਹਾਉ॥ (ਪੰ: 1268)

 

 1. ਰਾਜਾ ‘ਰਾਮੁ’ ਮਉਲਿਆ ਅਨਤ ਭਾਇ॥

 

ਜਹ ਦੇਖਉ ਤਹ ਰਹਿਆ ਸਮਾਇ॥1॥ਰਹਾਉ॥ (ਪੰ: 1193)

ਦੇਹਧਾਰੀ ਅਵਤਾਰਾਂ ਦੇਵਤਿਆਂ ਦੇ ਨਾਵਾਂ ਦੇ ਲਖਾਇਕ-

 1. ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਕਮਣੁ ਵਿਛੁੜਿ ਗਇਆ॥

 

(ਪੰਨਾ 954)

 

 1. ਰਾਮ ਝੁਰੇ ਦਲ ਮੇਲਵੇ ਅੰਤਰਿ ਬਲੁ ਅਧਿਕਾਰ॥

 

ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥25॥

 

(ਪੰਨਾ 1412)

ਸਿਖ ਧਰਮ ਵਿਚ ਇਨ੍ਹਾਂ ਨਾਵਾਂ ਦੀ ਭਾਵਕ ਵਿਲੱਖਣਤਾ ਹੈ, ਜਿਵੇਂ ਹਿੰਦੂ ਧਰਮ ਵਾਲੇ ਰਾਮ ਚੰਦ੍ਰ ਜੀ ਰਾਜਾ ਰਾਮ ਆਖਦੇ ਹਨ, ਪਰ ਗੁਰਬਾਣੀ ਅੰਦਰ ਵਿਆਪਕ ਕਰਤਾਰ, ਜਿਸ ਦਾ ਪ੍ਰਕਾਸ਼ ਰਵਿਆ ਹੋਇਆ ਹੈ, ਦਾ ਸੰਕੇਤਕ ਹੈ।

 

 

ਰਘੁਪਤਿ, ਰਘੁਨਾਥ, ਰਘੁਰਾਇ-

ਹਿੰਦੂ ਧਰਮ ਵਿਚ ਉਪਰੋਕਤ ਰਾਮ ਚੰਦ੍ਰ ਜੀ ਦੇ ਉਪਨਾਮ ਮੰਨੇ ਜਾਂਦੇ ਹਨ, ਪਰ ਗੁਰਬਾਣੀ ਵਿਚ ਇਨ੍ਹਾਂ ਨਾਵਾਂ ਦੀ ਵਰਤੋਂ ਪਰਮੇਸ਼ਰ ਪ੍ਰਤੀ ਕੀਤੀ ਗਈ ਹੈ, ਜਿਵੇਂ-

 1. ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ॥

 

ਕਹੁ ਨਾਨਕ ਇਹ ਬਿਪਤਿ ਮਹਿ ਟੇਕ ਏਕ ਰਘੁਨਾਥ॥55॥

 

(ਪੰਨਾ 1429)

 

 1. ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥3॥ (ਪੰਨਾ 1133)

ਜੇ ਕੋਈ ਪਾਠਕ ਨੰਬਰ 1 ਵਾਲੇ ਵਾਕ ‘ਰਘੁਨਾਥ’ ਪਦ ਦੀ ਰਾਮ ਚੰਦ੍ਰ ਜੀ ਪ੍ਰਤੀ ਹੋਈ ਵਰਤੋਂ ਬਾਰੇ ਵਿਅਰਥ ਸ਼ੰਕਾ ਕਰੇ ਤਾਂ ਨੰਬਰ 2 ਵਿਚ ਇਸ ਦੀ ਨਿਵਿਰਤੀ ਹੋ ਜਾਂਦੀ ਹੈ, ਜਦ ਕਿ ਪ੍ਰਹਿਲਾਦ ਜੀ ਦੇ ਸਮੇਂ ਤਾਂ ਰਾਮ ਚੰਦ੍ਰ ਜੀ ਹੋਏ ਹੀ ਨਹੀਂ ਸਨ।

 

 

ਕਿਸ਼ਨ-

ਜੋ ਲੋਕੀਂ ਕ੍ਰਿਸ਼ਨ ਜੀ ਨੂੰ ਰੱਬ ਜਾਣ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ, ਗੁਰੂ ਜੀ ਵਿਅੰਗਮਈ ਢੰਗ ਨਾਲ ਉਨ੍ਹਾਂ ਦਾ ਖੰਡਨ ਕਰਦੇ ਹਨ:-

 1. ਸਗਲੀ ਥੀਤਿ ਪਾਸਿ ਡਾਰਿ ਰਾਖੀ॥

 

ਅਸਟਮ ਥੀਤਿ ਗੋਵਿੰਦ ਜਨਮਾਸੀ॥1॥

 

ਭਰਮਿ ਭੂਲੇ ਨਰ ਕਰਤ ਕਚਰਾਇਣ॥

 

ਜਨਮ ਮਰਣ ਤੇ ਰਹਤ ਨਾਰਾਇਣ॥1॥ਰਹਾਉ॥ (ਪੰ: 1136

 

 1. ਏਕ ਕ੍ਰਿਸਨੰ ਸਰਬ ਦੇਵਾ, ਦੇਵ ਦੇਵਾਤ ਆਤਮਾ॥4॥12॥(ਪੰ: 469

ਦਾਮੋਦਰ-

(ਦਾਮ-ਉਦਰ)=ਦਾਮ(ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ (ਪੇਟ) ਨਾਲ। ਇਕ ਵਾਰੀ ਇੱਲਤ ਤੋਂ ਵਰਜਣ ਹਿਤ ਮਾਤਾ ਯਸ਼ੋਧਾ ਨੇ ਸ੍ਰੀ ਕ੍ਰਿਸ਼ਨ ਜੀ ਦੇ ਲੱਕ ਨਾਲ ਰੱਸੀ ਪਾ ਕੇ ਉਨ੍ਹਾਂ ਨੂੰ ਉਂਖਲ ਨਾਲ ਬੰਨ੍ਹ ਦਿਤਾ ਸੀ, ਜਿਸ ਤੋਂ ਉਨ੍ਹਾਂ ਦਾ ਨਾਉਂ ‘ਦਾਮੋਦਰ’ ਪੈ ਗਿਆ (ਵੇਖੋ ਵਿਸ਼ਣੂ ਪੁਰਾਣ)। ਪਰ ਗੁਰੂ ਜੀ ਨੇ ਇਹ ਨਾਮ ਪਰਮੇਸ਼ਰ ਪ੍ਰਤੀ ਵਰਤਿਆ ਹੈ, ਵੇਖੋ-

 1. ਦਾਮੋਦਰ ਦਇਆਲ ਸੁਆਮੀ ਸਰਬਸੁ, ਸੰਤ ਜਨਾ ਧਨ ਮਾਲ॥2॥

 

(ਪੰਨਾ 824)

 

 1. ਦਾਮੋਦਰ ਦਇਆਲ ਆਰਾਧਹੁ, ਗੋਬਿੰਦ ਕਰਤ ਸੋੁਹਾਵੈ॥

 

(ਪੰਨਾ 1218)

ਕੇਸਵ-(ਸੁੰਦਰ ਕੇਸਾਂ ਵਾਲਾ)

ਹਿੰਦੂ ਵੀਰ ਇਹ ਨਾਮ ਵਿਸ਼ਨੂੰ ਪ੍ਰਤੀ ਸਮਝਦੇ ਹਨ, ਪਰ ਗੁਰੂ ਸਾਹਿਬ ਨੇ ਇਹ ਪਦ ਕਰਤਾ ਪੁਰਖ ਪ੍ਰਤੀ ਵਰਤਿਆ ਹੈ, ਕਿਉਂਕਿ ਉਹ ਇਨ੍ਹਾਂ ਅਵਤਾਰਾਂ ਨੂੰ ਕਰਤਾ ਪੁਰਖ ਨਹੀਂ ਮੰਨਦੇ, ਸਗੋਂ ਕਰਤਾ ਪੁਰਖ ਦੀ ਰਚਨਾ ਮੰਨਦੇ ਹਨ:-

 1. ਸਰਨਿ ਦੁਖ-ਭੰਜਨ ਪੁਰਖ ਨਿਰੰਜਨ, ਸਾਧੂ ਸੰਗਤਿ ਰਵਣੁ ਜੈਸੇ॥

 

ਕੇਸਵ ਕਲੇਸ-ਨਾਸ ਅਘ-ਖੰਡਨ ਨਾਨਕ ਜੀਵਨ ਦਰਸ ਦਿਸੇ॥

 

(ਪੰਨਾ 829)

 

 1. ਕੇਸਵ ਚਲਤ ਕਰਹਿ ਨਿਰਾਲੇ, ਕੀਤਾ ਲੋੜਹਿ ਸੋ ਹੋਇਗਾ॥8॥

 

(ਪੰਨਾ 1082)

 

 1. ਕਬੀਰ, ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ॥223॥ (ਪੰ: 1376)

ਉਪਰੋਕਤ ਸ਼ਬਦਾਂ ਤੋਂ ਇਲਾਵਾ ਮੁਰਾਰਿ, ਮਾਧਵ ਆਦਿ ਕਈ ਸ਼ਬਦ ਕਰਤਾਰ-ਪੁਰਖ ਪ੍ਰਤੀ ਵਰਤੇ ਗਏ ਹਨ। ਸੋ, ਗੁਰਬਾਣੀ ਦੇ ਅਧਾਰ ਤੇ ਜਿਵੇਂ-

ਕਬੀਰ, ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥190॥

 

ਅਥਵਾ-ਕਬੀਰ, ਰਾਮੈ ਰਾਮ ਕਹਹੁ, ਕਹਿਬੇ ਮਾਹਿ ਬਿਬੇਕ॥191॥

 

(ਪੰਨਾ 1374)

ਤਿਵੇਂ ‘ਭਗਉਤੀ’ ਸ਼ਬਦ ਦੇ ਆਖਣ ਅਤੇ ਵਿਚਾਰਨ ਵਿਚ ਭੇਦ ਹੈ, ਅਤੇ ਗੁਰਮੁਖਾਂ ਵਾਲੀ “ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੁ”* ਸਮ-ਦ੍ਰਿਸ਼ਟੀ ਬਣੇ ਬਿਨਾਂ ਭਗਉਤੀ ਦੇ ਸਰੂਪ ਬਾਰੇ ਭਰਮ-ਗਿਆਨੀਆਂ ਦੀ ਜਨਮ-ਜਨਮਾਂਤਰਾਂ ਵਿਚ ਵੀ ਤਸੱਲੀ ਨਹੀਂ ਹੋਣੀ। ਉਨ੍ਹਾਂ ਦਾ ਹਾਲ ਉਹੋ ਰਹਿਣਾ ਹੈ ਜਿਵੇਂ ਕਿਸੇ ਨੇ ਸਾਰੀ ਰਾਤ ਰਾਮਾਇਣ ਸੁਣੀ, ਪਰ ਫਿਰ ਸਵੇਰੇ ਉਠ ਕੇ ਪੁਛਿਆ ਕਿ ਸੀਤਾ ਕੌਣ ਸੀ। ਸੋ, ਉਨ੍ਹਾਂ ਨੂੰ ‘ਭਗਉਤੀ’ ਦੇ ਅਰਥ ਕਿੰਨੇ ਹੀ ਨਿਖੇਰ ਕੇ ਪਏ ਦਸੋ, ‘ਅਕਾਲ ਪੁਰਖ’ ‘ਆਦਿ ਸ਼ਕਤੀ’, ਪਰ ਜੇ ਉਨ੍ਹਾਂ ਨੂੰ ਮੁੜ ਅਰਥ ਪੁਛੇ ਜਾਣ ਤਾਂ ਉਹ ਇਸ ਦੇ ਅਰਥ ‘ਦੁਰਗਾ ਦੇਵੀ’ ਹੀ ਦਸਣਗੇ। ਪਰ ਭਗਤ ਕਬੀਰ ਜੀ ਦੇ ਬਚਨਾਂ ਅਨੁਸਾਰ-

ਕਹਿ ਕਬੀਰ ਮਨੁ ਮਾਨਿਆ॥

 

ਮਨੁ ਮਾਨਿਆ ਤਉ ਹਰਿ ਜਾਨਿਆ॥4॥11॥ (ਪੰਨਾ 656)

 

ਮਨ ਮਾਨੇ ਲੋਗੁ ਨ ਪਤੀਜੈ॥

 

ਨ ਪਤੀਜੈ ਤਉ ਕਿਆ ਕੀਜੈ॥3॥7॥ (ਪੰਨਾ 656)

ਕੀ ਕੀਤਾ ਜਾ ਸਕਦਾ ਹੈ। ਪਰਮੇਸ਼ਰ ਅਜਿਹੇ ਨਿਰਣੈਕਾਰਾਂ ਨੂੰ ਸੁਮੱਤ ਬਖ਼ਸ਼ੇ।

 

 

ਭਗਉਤੀ ਨਿਰਣਯ-

 

ਕਈ ਵੀਰ ‘ਭਗਉਤੀ’ ਸ਼ਬਦ ਨੂੰ ‘ਦੁਰਗਾ’ ਦਾ ਲਖਾਇਕ ਸਮਝਦੇ ਹਨ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਰਚਨਾਵਾਂ ਤੇ ਗੁਰਬਾਣੀ ਰਾਹੀਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਗਉਤੀ ਸ਼ਬਦ ਦੇ ਕਈ ਅਰਥ ਹਨ।

 

 

‘ਭਗਉਤੀ’ ਸ਼ਬਦ ਦੀ ਵਰਤੋਂ ਕੇਵਲ ਇਸ ਵਾਰ ਵਿਚ ਹੀ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਮਿਲਦੀ ਹੈ, ਜਿਵੇਂ-

 1. ਸੋ ਭਗਉਤੀ ਜੋਭਗਵੰਤੈ ਜਾਣੈ॥ ਗੁਰਪਰਸਾਦੀ ਆਪੁ ਪਛਾਣੈ॥

 

ਧਾਵਤੁ ਰਾਖੈ, ਇਕਤੁ ਘਰਿ ਆਣੈ॥ ਜੀਵਤੁ ਮਰੈ, ਹਰਿ ਨਾਮੁ ਵਖਾਣੈ॥

 

ਐਸਾ ਭਗਉਤੀ ਉਤਮੁ ਹੋਇ॥ ਨਾਨਕ, ਸਚਿ ਸਮਾਵੈ ਸੋਇ॥2॥14॥

 

(ਮ: 3, ਪੰ: 88)

 

 1. ਇਤੁ ਸੰਜਮਿ, ਪ੍ਰਭੁ ਕਿਨਹੀ ਨ ਪਾਇਆ॥

 

ਭਗਉਤੀ ਮੁਦ੍ਰਾ, ਮਨੁ ਮੋਹਿਆ ਮਾਇਆ॥1॥ਰਹਾਉ॥

 

(ਪ੍ਰਭਾਤੀ ਮ: 5, ਪੰ: 1348)

 

 1. ਭਗਉਤੀ, ਭਗਵੰਤ ਭਗਤਿ ਕਾ ਰੰਗੁ॥

 

ਸ਼ਗਲ ਤਿਆਗੈ, ਦੁਸਟ ਕਾ ਸੰਗੁ॥3॥9॥ (ਸੁਖਮਨੀ ਸਾਹਿਬ, ਪੰ: 274)

 

 1. ..ਨਾਉ ਭਗਉਤੀ ਲੋਹੁ ਘੜਾਇਆ॥6॥ (24) (ਭਾ: ਗੁਰਦਾਸ ਜੀ

 

 1. ਲਈ ਭਗਉਤੀ ਦੁਰਗਸ਼ਾਹ ਵਰਜਾਗਨ ਭਾਰੀ॥

 

ਲਾਈ ਰਾਜੇ ਸੁੰਭ ਨੋ, ਰਤੁ ਪੀਏ ਪਿਆਰੀ॥53॥ (ਚੰਡੀ ਦੀ ਵਾਰ)

 

 

ਉਪਰੋਕਤ ਵਾਕਾਂ ਤੋਂ ਇਸ ਗੱਲ ਦਾ ਨਿਰਣਾ ਹੋ ਜਾਂਦਾ ਹੈ ਕਿ ‘ਭਗਉਤੀ’ ਸ਼ਬਦ ਕੇਵਲ ਇਸਤ੍ਰੀ-ਵਾਚਕ ਹੀ ਨਹੀਂ, ਪੁਲਿੰਗ ਵੀ ਹੈ। ਕਈ ਆਲੋਚਕਾਂ ਨੇ ਇਸ ਸ਼ਬਦ ਨੂੰ ਇਸਤ੍ਰੀ-ਵਾਚਕ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਗਉਤੀ (ਦੁਰਗਾ ਦੇਵੀ) ਦਾ ਹੀ ਉਪਾਸ਼ਕ ਸਿਧ ਕਰਨ ਦਾ ਨਿਰਾਰਥ ਯਤਨ ਕੀਤਾ ਹੈ। ਅਜਿਹੇ ਆਲੋਚਕ ਇਥੇ ਹੀ ਬਸ ਨਹੀਂ ਕਰਦੇ, ਸਗੋਂ ਗੁਰੂ ਸਾਹਿਬ ਜੀ ਦੇ ਕੁਝ ਹੋਰ ਵਾਕਾਂ ਦੇ ਗ਼ਲਤ ਅਰਥ ਕਰ ਕੇ ਆਪਣੇ ਕਥਨ ਦੀ ਪੁਸ਼ਟੀ ਕਰਦੇ ਹਨ, ਜਿਵੇਂ-

 1. ਤਹ ਹਮ ਅਧਿਕ ਤਪਸਿਆ ਸਾਧੀ॥ ਮਹਾ ਕਾਲ ਕਾਲਕਾ ਅਰਾਧੀ॥2॥

 

(ਪਾ: 10, ਬਚਿਤ੍ਰ ਨਾਟਕ, ਅਧਿ:6

 

 1. ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ॥ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ॥

 

(ਜਾਪੁ ਸਾਹਿਬ)

 

 

ਦੂਜੇ ਭਾਈ ਗੁਰਦਾਸ ਜੀ ਦੀ ਰਚੀ ਵਾਰ ਵਿਚ ‘ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ’ ਵੀ ਪਾਠਕਾਂ ਦੀ ਦ੍ਰਿਸ਼ਟੀ-ਗੋਚਰੇ ਕਰਦੇ ਹਨ।

 

ਪੁਰਾਤਨ ਲਿਖਤਾਂ ਇਸ ਗੱਲ ਦਾ ਪਰਤੱਖ ਪ੍ਰਮਾਣ ਹਨ ਕਿ ਹਰ ਰਚਨਾ ਦੇ ਅਰੰਭ ਵਿਚ ਮੰਗਲਾਚਰਨ ਲਿਖਣਾ ਜ਼ਰੂਰੀ ਮੰਨਿਆ ਜਾਂਦਾ ਸੀ, ਜਿਸ ਤੋਂ ਲਿਖਾਰੀ ਦੇ ਇਸ਼ਟ-ਦੇਵ ਦਾ ਪਤਾ ਲਗ ਜਾਂਦਾ ਸੀ। ਗੁਰੂ ਜੀ ਨੇ ਉਸ ਸਮੇਂ ਦੀ ਰਹੁ-ਰੀਤ ਨੂੰ ਸੁਰਜੀਤ ਰਖਣ ਲਈ ਇਸ ਵਾਰ ਦੇ ਅਰੰਭ ਵਿਚ ‘ਭਗਉਤੀ’ ਅਕਾਲ-ਸ਼ਕਤੀ ਦੀ ਉਸਤਤਿ ਕੀਤੀ ਹੈ। ਸ੍ਰੀ ‘ਭਗਉਤੀ ਜੀ ਸਹਾਇ’ ਇਸ ਵਾਰ ਦੇ ਅਰੰਭ ਵਿਚ ਹੀ ਨਹੀਂ, ਗਿਆਨ ਪ੍ਰਬੋਧ, ਦੇ ਅਰੰਭ ਵਿਚ ਵੀ ਦਰਜ ਹੈ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਦਾ ਅਰੰਭ ਹੀ ‘ਨੂੰ ਤੋਂ ਵਾਹਿਗੁਰੂ ਜੀ ਕੀ ਫਤਿਹ’ ਤੋਂ ਹੁੰਦਾ ਹੈ, ਜਿਸ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕਿਤੇ ਨਹੀਂ ਮਿਲਦੀ। ਆਪ ਜੀ ਦੀਆਂ ਹੋਰ ਰਚਨਾਵਾਂ ਦੇ ਆਦਿ ਵਿਚ ‘ਨੂੰਤੋਂ ਸਤਿਗੁਰ ਪ੍ਰਸਾਦਿ’, ‘ਅਕਾਲ ਜੀ ਸਹਾਇ’ ਆਦਿ ਕਈ ਤਰ੍ਹਾਂ ਦੇ ਸੰਖੇਪ ਮੂਲ ਮੰਗਲ ਮਿਲਦੇ ਹਨ। ਭਗਉਤੀ’ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ, ਪਰ ਜਿਥੋਂ ਤਕ ਇਥੇ ਵਰਤੋਂ ਦਾ ਸੰਬੰਧ ਹੈ, ਵਾਹਿਗੁਰੂ ਅਥਵਾ ਭਗਉਤੀ (ਭਗਵੰਤ ਦੀ ਸੱਤਾ) ਦੀ ਸਹਾਇਤਾ ਲਈ ਅਰਦਾਸ ਹੈ। ਉਹ ਭਗਉਤੀ ਨਾ ਲੋਹੇ ਦੀ ਤਲਵਾਰ ਹੈ ਤੇ ਨਾ ਹੀ ਦੁਰਗਾ ਤੇ ਕਾਲਕਾ ਵਾਂਗ ਹੱਡ ਮਾਸ ਨਾੜੀ ਦਾ ਪਿੰਜਰ ਹੈ। ਅਜਿਹੀਆਂ ਕਰੋੜਾਂ ਦੇਵੀਆਂ ਉਸ ਭਗਉਤੀ (ਮਹਾਨ ਸ਼ਕਤੀ-ਅਕਾਲ ਪੁਰਖ) ਦਾ ਧਿਆਨ ਧਾਰਨੀਯ ਹਨ। ਉਹ ‘ਭਗਉਤੀ’ ਇਕ ਹੈ ਤੇ ਉਸ ਦੀ ਪੂਰਨ ਜੋਤੀ ਸਾਰੇ ਘਟਾਂ ਵਿਚ ਵਿਆਪਕ ਹੈ। ਉਹ ‘ਭਗਉਤੀ’ ਇਕ ਅਜਿਹਾ ਮਹਾਨ ਚਾਨਣ ਹੈ ਜਿਸ ਦੇ ਚਾਨਣ ਨਾਲ ਸਾਰੇ ਸਰੀਰਾਂ ਵਿਚ ਚਾਨਣ ਹੁੰਦਾ ਹੈ। ਦੁਰਗਾ ਵਰਗੀਆਂ ਅਨੇਕਾਂ ਟਹਿਲਣਾਂ ਉਪਰੋਕਤ ‘ਭਗਉਤੀ’ ਦੀ ਕਾਰ ਵਿਚ ਜੁਟੀਆਂ ਪਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੇ ਆਪਣੀਆਂ ਅੱਖਾਂ ਨਾਲ ਦੇਵੀ ਨੂੰ ਝਾੜੂ ਦੇਂਦੇ ਵੇਖਿਆ ਸੀ, ਜਿਸ ਤੋਂ ਪ੍ਰਭਾਵਤ ਹੋ ਕੇ ਆਪ ਜੀ ਨੇ ਦੇਵੀ-ਪੂਜਾ ਛਡੀ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਕੇ ਪਰਮ ਪਿਤਾ ਅਕਾਲ ਪੁਰਖ ਜੀ ਦੇ ਦਰਸ਼ਨ ਪਾਏ ਸਨ।

 

 

ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ ਪੂਜਾ-

ਇਸ ਵਾਰ ਵਿਚ ਥਾਂ ਥਾਂ ਤੇ ਦੁਰਗਾ (ਚੰਡੀ) ਦੀ ਉਸਤਤਿ ਗਾਈ ਗਈ ਹੈ, ਜਿਸ ਤੋਂ ਪਾਠਕਾਂ ਨੂੰ ਇਹ ਸ਼ੰਕਾ ਉਤਪੰਨ ਹੁੰਦੀ ਹੈ ਕਿ ਕੀ ਵਾਰਤਾਕਾਰ ਗੁਰੂ ਜੀ ਦੇਵੀ-ਪੂਜਕ ਤਾਂ ਨਹੀਂ ਸਨ?

 

ਇਹ ਵਾਰ ਮਾਰਕੰਡੇ ਪੁਰਾਣ ਵਿਚੋਂ ਲਈ ਕਥਾ ਦਾ ਕਵਿਤਾ ਵਿਚ ਅਨੁਵਾਦ ਹੈ। ਗੁਰੂ ਜੀ ਨੇ ਜਿਸ ਪੱਖ ਨੂੰ ਮੁਖ ਰਖ ਕੇ ਇਸ ਨੂੰ ਚੁਣਿਆ, ਉਸ ਦਾ ਮੰਤਵ ਤਾਂ ਹੀ ਪੂਰਾ ਹੋ ਸਕਦਾ ਸੀ ਜੇ ਬਹਾਦਰਾਂ ਦੀ ਉਸਤਤੀ ਦਾ ਨਮੂਨਾ ਸਾਰੇ ਭਾਰਤ-ਵਾਸੀਆਂ ਦੇ ਸਾਹਮਣੇ ਰਖਿਆ ਜਾਂਦਾ। (ਦੁਰਗਾ) ਦੇਵੀ ਦੇ ਐਨੇ ਐਨੇ ਦੈਂਤਾਂ ਨੂੰ ਮਾਰ ਕੇ ਖਪਾ ਦੇਣਾ, ਇਹ ਵੱਡੀ ਸੂਰਬੀਰਤਾ ਦਾ ਕੰਮ ਸੀ। ਅਜਿਹੀ ਸੂਰਤ ਵਿਚ ਅਕਾਲੀ ਫ਼ੌਜਾਂ ਦਾ ਸਰਦਾਰ ਦੇਵੀ ਦੀ ਬਹਾਦਰੀ ਦੀ ਦਾਦ ਕਿਉਂ ਨਾ ਦਿੰਦਾ? ਜੇ ਆਪ ਜੀ ਦੇਵੀ-ਪੂਜਕ ਹੁੰਦੇ ਤਾਂ ਦੇਵੀ ਦੇ ਵੈਰੀਆਂ (ਦੈਂਤਾਂ) ਦੀ ਬਹਾਦਰੀ ਦਾ ਵਰਣਨ ਨਾ ਕਰਦੇ। ਪਰੰਤੂ ਗੁਰੂ ਜੀ ਨੇ ਤਸਵੀਰ ਦੇ ਦੋਵੇਂ ਪਾਸੇ ਲੋਕਾਂ ਅਗੇ ਰਖੇ ਹਨ। ਦੈਂਤਾਂ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ-

ਕਦੇ ਨ ਨੱਠੇ ਜੁੱਧ ਤੇ ਜੋਧੇ ਜੁਝਾਰੇ॥9॥

 

ਰਾਕਸ ਰਣੋ ਨ ਭਜਨ ਰੋਹੇ ਰੋਹਲੇ॥12॥

 

 

ਇਸੇ ਤਰ੍ਹਾਂ ਨਿਸੁੰਭ (ਦੈਂਤ) ਦੀ ਬਹਾਦਰੀ ਦਾ ਨਕਸ਼ਾ ਬੜੇ ਕਮਾਲ ਦਾ ਉਲੀਕਿਆ ਹੈ-

ਸਾਬਾਸ ਸਲੋਣੇ ਖਾਣ ਕਉ॥

 

ਸਦਾ ਸਾਬਾਸ ਤੇਰੇ ਤਾਣ ਕਉ॥

 

ਤਾਰੀਫ਼ਾਂ ਪਾਨ ਚਬਾਨ ਕਉ॥

 

ਸਦ ਰਹਮਤ ਕੈਫਾਂ ਖਾਨ ਕਉ॥

 

ਸਦ ਰਹਮਤ ਤੁਰੇ ਨਚਾਣ ਕਉ॥40॥ (ਚੰਡੀ ਦੀ ਵਾਰ)

 

 

ਸੋ ਕਿਸੇ ਦੀ ਬਹਾਦਰੀ ਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਣਾ ਕਿਸੇ ਦਾ ਉਪਾਸ਼ਕ ਬਣਨਾ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਬਹਾਦਰੀ ਦੀ ਕਦਰ ਕਰਨੀ ਹੁੰਦੀ ਹੈ। ਜੇ ਗੁਰੂ ਹੀ ਦੇਵੀ ਜਾਂ ਅਵਤਾਰ-ਪੂਜਕ ਹੁੰਦੇ ਤਾਂ ਆਪਣੀ ਬਾਣੀ ਰਾਹੀਂ ਇਹ ਬਚਨ ਬਿਲਕੁਲ ਨਾ ਉਚਾਰਦੇ-

-ਦੇਵ ਅਦੇਵ ਖਪੇ ਅਹੰਮੇਵ, ਨ ਭੇਵ ਲਖਿਓ ਭ੍ਰਮ ਸਿਉ ਭਰਮਾਏ॥3॥245॥{ਅਕਾਲ ਉਸਤਤਿ

 

-ਕੋਟਿਕ ਇੰਦ੍ਰ ਕਰੇ ਜਿਹ ਕੇ, ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ॥

 

ਦਾਨਵ ਦੇਵ ਫਨਿੰਦ ਧਰਾਧਰ, ਪੱਛ ਪਸੂ ਨਹਿ ਜਾਤ ਗਨਾਯੋ॥

 

ਆਜ ਲਗੇ ਤਪੁ ਸਾਧਤ ਹੈਂ, ਸਿਵਊ ਬ੍ਰਹਮਾ ਕਛੁ ਪਾਰ ਨ ਪਾਯੋ॥

 

ਬੇਦ ਕਤੇਬ ਨ ਭੇਦ ਲਖਿਓ ਜਿਹ, ਸੋਊ ਗੁਰੂ ਗੁਰੁ ਮੋਹਿ ਬਤਾਯੋ॥17॥

 

(ਪਾ: 10, ਤੇਤੀ ਸਵੱਯੇ)

 

 

ਦਸਮ ਪਾਤਸ਼ਾਹ ਜੀ ਨੇ ਸਾਰੀ ਰਚਨਾ ਵਿਚ ਦੇਵੀ ਦੇਵਤਿਆਂ ਤੇ ਹੋਰ ਪਖੰਡਾਂ ਤੇ ਭਰਮਾਂ ਦੀਆਂ ਧਜੀਆਂ ਉਡਾਈਆਂ ਹਨ। ਜੇ ਪ੍ਰਮਾਣ ਦੇਣ ਲਗੀਏ ਤਾਂ ਕਈ ਪੁਸਤਕਾਂ ਲਿਖੀਆਂ ਜਾਣ। ਅਜਿਹੀ ਆਲੋਚਨਾ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਜੀਵਨ ਤੇ ਬਾਣੀ ਦੀ ਹਰ ਪੱਖ ਤੋਂ ਪੜਤਾਲ ਕਰਨੀ ਚਾਹੀਦੀ ਹੈ। ਐਵੈਂ ਨਿਰਾਰਥਕ ਗੱਲਾਂ ਨਾਲ ਗੁਰੂ ਜੀ ਨੂੰ ਦੇਵੀ-ਉਪਾਸ਼ਕ ਜਾਂ ਦੇਵੀ ਉਪਾਸ਼ਨਾ ਦਾ ਸਮਰਥਕ ਦਸਣਾ ਭਾਰੀ ਭੁੱਲ ਹੈ। ਗੁਰੂ ਨਾਨਕ ਦੇਵ ਜੀ ਤੇ ਬਾਕੀ ਸਤਿਗੁਰਾਂ ਨੇ ਨਿਰਗੁਣ ਭਗਤੀ ਦਾ ਪਰਚਾਰ ਕੀਤਾ ਅਤੇ ਉਸੇ ਮਿਸ਼ਨ ਨੂੰ ਕਲਗੀਧਰ ਪਿਤਾ ਜੀ ਨੇ ਸੰਤ ਸਿਪਾਹੀਆਂ ਦੀ ਫ਼ੌਜ ਬਣਾ ਕੇ ਨੇਪਰੇ ਚਾੜ੍ਹਿਆ। ਪਿਤਾ ਅਕਾਲ ਪੁਰਖ ਜੀ ਦੇ ਦਸੇ ਪ੍ਰੋਗਰਾਮ ਅਨੁਸਾਰ-ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥* ਨੂੰ ਚੰਗੀ ਤਰ੍ਹਾਂ ਚਲਾਇਆ ਤੇ ਧਰਮ ਦਾ ਡੰਕਾ ਵਜਾਇਆ ! ਗੁਰੂ ਜੀ ਨੇ ਆਪਣੀ ਸਾਰੀ ਰਚਨਾਵਾਂ ਵਿਚ ਕਿਧਰੇ ਵੀ ਦੇਵੀ ਦੇਵਤਿਆਂ ਦੀ ਉਪਾਸਨਾ ਨਹੀਂ ਕੀਤੀ, ਸਗੋਂ ਨਿਰਭੈ ਹੋ ਕੇ ਆਖਿਆ :- ਮੈਂ ਨਾ ਗਨੇਸ਼ਹਿ ਪ੍ਰਿਥਮ ਮਨਾਊਂ !! ਕਿਸ਼ਨ ਬਿਸ਼ਨ ਕਬਹੁਂ ਨਹੀਂ ਧਿਆਊਂ !! ਕਾਨ ਸੁਨੇ ਪਹਿਚਾਨ ਨ ਤਿਨ ਸੋੰ!! ਲਿਵ ਲਾਗੀ ਮੋਰੀ ਪਗ ਇਨ ਸੋੰ !!੪੩੪!! (ਕ੍ਰਿਸ਼ਨਾਵਤਾਰ)

 

 

 1. ਅਨਹਦ ਰੂਪ ਅਨਾਹਦ ਬਾਨੀ॥

 

ਚਰਨ ਸਰਨ ਜਹ ਬਸਤ ਭਵਾਨੀ॥ (ਪਾ: 10, ਅਕਾਲ ਉਸਤਤਿ)

 

 1. ਆਦਿ ਅੰਤਿ ਏਕੈ ਅਵਤਾਰਾ॥

 

ਸੋਈ ਗੁਰੂ ਸਮਝਿਯਹੁ ਹਮਾਰਾ॥9॥

 

ਨਮਸਕਾਰ ਤਿਸ ਹੀ ਕੋ ਹਮਾਰੀ॥

 

 

ਸਕਲ ਪ੍ਰਜਾ ਜਿਨ ਆਪ ਸਵਾਰੀ…॥10॥ (ਕਬਿਯੋ ਬਾਚ ਬੇਨਤੀ ਚੌਪਈ, ਪਾ: 10)ਇਸ ਲਈ ਇਹ ਵਿਚਾਰ ਸਪਸ਼ਟ ਹੈ ਕਿ ਗੁਰੂ ਜੀ ਦਾ ਆਸ਼ਾ ਕੇਵਲ ਧਰਮ-ਯੁਧ ਲਈ ਤਿਆਰ ਹੋ ਰਹੇ ਸਿੱਖਾਂ ਦੀ ਆਤਮਾ ਨੂੰ ਬੀਰ-ਰਸੀ ਉਤਸ਼ਾਹ ਨਾਲ ਭਰਪੂਰ ਕਰਨਾ ਸੀ ਅਤੇ ਕੇਵਲ ਪਰਮ ਸ਼ਕਤੀ ਨਾਲ ਜੋੜਨਾ ਸੀ। ਇਸ ਤੋਂ ਬਿਨਾਂ ਹੋਰ ਕੋਈ ਸੰਕਲਪ ਸਿੱਧ ਨਹੀਂ ਹੁੰਦਾ। ਕਿਰਪਾਨ ਭੇਂਟ ਕਰਨ ਦਾ ਭਾਵ ਵੀ ਸਿਖ ਨੂ ਅਕਾਲ ਪੁਰਖ ਨਾਲ ਜੋੜਨਾ ਹੀ ਹੈ ਅਤੇ ਸ਼ਸਤਰ ਨਾਲ ਸਿਖ ਦੀ ਪ੍ਰੀਤ ਬਣਾਈ ਰਖਦੇ ਨੇ, ਮੌਤ ਦਾ ਦਰ ਸਿਖ ਦੇ ਦਿਲ ਵਿਚੋਂ ਨਿਕਲ ਜਾਂਦਾ ਹੈ ਅਤੇ ਓਹ ਗੁਰੂ ਦੇ ਦੱਸੇ ਸਚ ਦੇ ਰਸਤੇ ਤੇ ਤੁਰਦੀਆਂ ਧਰਮ ਰਖਿਆ ਲਈ ਸ਼ਾਹਦਤ ਦੇਣ ਤੋਂ ਪਿਛੇ ਨਹੀ ਹਟਦਾ ਭਾਂਵੇ ਸਾਹਮਣੇ ਕਿੰਨੀ ਵੱਡੀ ਫੌਜ਼ ਮੁਕਾਬਲੇ ਤੇ ਕਿਓਂ ਨਾ ਖਲੋਤੀ ਹੋਵੇ !

 

 1. ਨਮਸਕਾਰ ਸ੍ਰੀ ਖੜਗ ਕੋ, ਕਰੋਂ ਸੁ ਹਿਤੁ ਚਿਤੁ ਲਾਇ॥ ਪੂਰਨ ਕਰੋਂ ਗਿਰੰਥ ਇਹੁ, ਤੁਮ ਮੁਹਿ ਕਰਹੁ ਸਹਾਇ॥1॥ (ਬਚਿਤ੍ਰ ਨਾਟਕ, ਅਧਿ:੧)

 

 1. ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੈਗੰ॥2॥ (ਬਚਿਤ੍ਰ ਨਾਟਕ, ਅਧਿ: ੧)

 

 1. ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ॥3॥ (ਸ਼ਸਤ੍ਰ ਨਾਮ ਮਾਲਾ)

ਸੈਫ਼ ਗੁਰੂ ਸਾਹਿਬ ਦੀ ਕਿਰਪਾਨ ਦਾ ਨਾਮ ਹੈ ਜੋ ਅੱਜ ਵੀ ਸ੍ਰੀ ਆਨੰਦਪੁਰ ਸਾਹਿਬ ਵਿਚ ਹੈ ਅਤੇ ਸੰਗਤਾਂ ਨੂ ਰੋਜ਼ ਹੀ ਇਸਦੇ ਦਰਸਨ ਕਰਵਾਏ ਜਾਂਦੇ ਨੇ!

 

ਇਹ ਭਗੋਤੀ ਦਾ ਲੇਖ ਫੇਸ ਬੁਕ ਤੇ ਸਿਖ ਵਿਦਵਾਨਾਂ ਵੱਲੋਂ ਸਮੇਂ ਸਮੇਂ ਲਿਖੇ ਗਏ ਹਨ ਜਿਹਨਾ ਨੂੰ ਇਕ ਲੜੀ ਵਿਚ ਪਿਰੋ ਕੇ ਸਿਖ ਸੰਗਤਾਂ ਦੇ ਭੁਲੇਖੇ ਦੂਰ ਕਰਨ ਲਈ ਇਥੇ ਇਕ ਲੜੀ ਵਿਚ ਇਕਸਾਰ ਰੂਪ ਦੇ ਕੇ ਲਿਖਿਆ ਗਿਆ ਹੈ!  ਕਿਰਪਾ ਕਰ ਕੇ ਲਾਹਾ ਲਵੋ ਤੇ ਆਪਣੇ ਗੁਰੂ ਤੇ ਨਿਸ਼ਚਾ ਰਖੋ! ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਨਹੀ ਸਨ, ਓਹ ਤੇ ਮੂਰਤ ਤੋੜਨ  ਵਾਲੀਆਂ ਵਿਚੋਂ ਸਨ ਫੇਰ ਓਹਨਾ ਦੇ ਸਿਖ ਮੂਰਤ ਪੂਜਾ ਵਿਚ ਕਿਵੇਂ ਜ੍ਕੀਨ ਰਖ ਸਕਦੇ ਨੇ? ਗੁਰੂ ਜੀ ਨੇ ਜ਼ਫਰਨਾਮਾ ਵਿਚ ਆਪ ਔਰੰਗਜ਼ੇਬ ਨੂੰ ਲਿਖਿਆ ਹੈ :

ਮਨਮ ਕੁਸ਼ਤਾ-ਅਮ ਕੋਹੀਆਂ ਬੁੱਤਪ੍ਰਸਤ॥
ਕਿ ਆਂ ਬੁੱਤ-ਪ੍ਰਸਤੰਦੋ, ਮਨ ਬੁਤ-ਸ਼ਿਕਸਤ॥
(ਮੈਂ ਬੁੱਤ-ਪੂਜ ਪਹਾੜੀਆਂ ਦਾ ਨਾਸ਼ ਕਰਨ ਵਾਲਾ ਹਾਂ, ਕਿਉਂਕਿ ਉਹ ਬੁੱਤ-ਪ੍ਰਸਤ ਹਨ ਤੇ ਮੈਂ ਬੁੱਤ ਤੋੜਨ ਵਾਲਾ)

 

ਦਾਸ ਵੱਲੋਂ ਸਿਰਫ ਇਹਨਾ ਲੇਖਾਂ ਨੂ ਸਾਂਭ ਕੇ ਅਤੇ ਲੜੀ ਵਿਚ ਪਿਰੋ ਕੇ ਪੇਸ਼ ਕਰਨ ਦੀ ਸੇਵਾ ਮਿਲੀ ਹੈ, ਕਿਰਪਾ ਕਰਕੇ ਪ੍ਰਵਾਨ ਕਰੋ!

Ajmer kesri

ਅਜਮੇਰ ਸਿੰਘ ਰੰਧਾਵਾ !!

 

 

 

 

 

 

 

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s


%d bloggers like this: